ਮਨੋਰੰਜਨ

ਕੌਮਾਂਤਰੀ ਐਵਾਰਡ ਪ੍ਰਾਪਤ ਫ਼ਿਲਮ 'ਕਿੱਸਾ' ਦਾ ਕਿੱਸਾ

October 11, 2013 03:27 PM

ਇਕ ਹੋਰ ਪੰਜਾਬੀ ਫ਼ਿਲਮ 'ਕਿੱਸਾ' ਨੇ 38ਵੇਂ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਬੀਤੀ 15 ਸਤੰਬਰ 2013 ਦੀ ਬੈਸਟ ਏਸ਼ੀਅਨ ਫ਼ਿਲਮ ਦਾ ਐਵਾਰਡ ਜਿੱਤਿਆ ਹੈ। ਪੰਜਾਬੀ ਸਿਨੇਮੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਤੋਂ ਪਹਿਲਾਂ ਹੁਣੇ-ਹੁਣੇ 'ਨਾਬਰ' ਅਤੇ ਇਸ ਤੋਂ ਪਹਿਲਾਂ 'ਅੰਨ੍ਹੇ ਘੋੜੇ ਦਾ ਦਾਨ' ਨੂੰ ਵੀ ਇਹ ਮਾਣ ਪ੍ਰਾਪਤ ਹੋ ਚੁੱਕਾ ਹੈ। 'ਕਿੱਸਾ' ਫ਼ਿਲਮ ਬੇਸ਼ੱਕ ਪੰਜਾਬ ਦੀ ਫ਼ਿਲਮ ਹੈ ਅਤੇ ਪੰਜਾਬੀ ਲੋਕਾਂ ਅਤੇ ਉਨ੍ਹਾਂ ਦੇ ਧਰਾਤਲ ਨਾਲ ਜੁੜੀ ਹੋਈ ਹੈ ਪਰ ਇਸ ਦਾ ਨਿਰਮਾਣ ਕੌਮਾਂਤਰੀ ਪੱਧਰ 'ਤੇ ਹੋਇਆ ਹੈ। ਨਿਰਦੇਸ਼ਕ ਅਨੂਪ ਸਿੰਘ ਦੀ ਕਾਬਲੀਅਤ ਨੂੰ ਦੇਖਦਿਆਂ ਇਸ ਫ਼ਿਲਮ ਦੇ ਨਿਰਮਾਣ ਵਿੱਚ ਇੰਡੀਆ, ਜਰਮਨੀ, ਨੀਦਰਲੈਂਡ ਅਤੇ ਫਰਾਂਸ ਸ਼ਾਮਿਲ ਹਨ। ਕੋ-ਪ੍ਰੋਡਿਊਸਰ ਦੇ ਤੌਰ 'ਤੇ ਐਨ.ਐਫ.ਡੀ.ਸੀ. ਦਾ ਯੋਗਦਾਨ ਹੈ। 


ਅਨੂਪ ਸਿੰਘ ਨੇ ਜਦੋਂ 'ਕਿੱਸਾ' ਦੀ ਕਹਾਣੀ ਆਪਣੇ ਨਿਰਮਾਤਾਵਾਂ ਅਤੇ ਕਲਾਕਾਰਾਂ ਨੂੰ ਸੁਣਾਈ ਤਾਂ ਸਭ ਨੇ ਇਸ ਫ਼ਿਲਮ ਨੂੰ ਅੰਗਰੇਜ਼ੀ ਜਾਂ ਹਿੰਦੀ 'ਚ ਬਣਾਉਣ ਲਈ ਆਖਿਆ ਪਰ ਅਨੂਪ ਸਿੰਘ ਦਾ ਕਹਿਣਾ ਸੀ ਕਿ ਇਹ ਕਹਾਣੀ ਪੰਜਾਬੀ ਦੇ ਸਭ ਤੋਂ ਵੱਡੇ ਦੁਖਾਂਤ 1947 ਦੀ ਵੰਡ ਨਾਲ ਸ਼ੁਰੂ ਹੁੰਦੀ ਹੈ ਅਤੇ ਇਸ ਦੁਖਾਂਤ ਦੇ ਸ਼ਿਕਾਰ ਪੰਜਾਬੀ ਹੋਏ ਹਨ, ਇਸ ਲਈ 'ਕਿੱਸਾ' ਨੂੰ ਪੰਜਾਬੀ 'ਚ ਹੀ ਬਣਾਇਆ ਜਾਵੇਗਾ। ਅਨੂਪ ਸਿੰਘ ਇਕ ਸੁਲਝਿਆ ਹੋਇਆ ਨਿਰਦੇਸ਼ਕ ਅਤੇ ਲੇਖਕ ਹੈ। 1992 'ਚ ਉਸ ਨੇ 'ਈਡੀਅਟ' ਨਾਂ ਦੀ ਟੀ.ਵੀ. ਸੀਰੀਜ਼ ਲਿਖੀ। 2009 'ਚ 'ਦਿ ਨੇਮ ਆਫ ਰਿਵਰ' ਨਾਂ ਦੀ ਫ਼ਿਲਮ ਲਿਖੀ ਅਤੇ ਡਾਇਰੈਕਟ ਕੀਤੀ। ਉਸ ਨਾਲ ਜਦੋਂ 'ਕਿੱਸਾ' ਫ਼ਿਲਮ ਦੇ ਸਬਜੈਕਟ ਬਾਰੇ ਗੱਲ ਹੋਈ ਤਾਂ ਉਸ ਨੇ ਦੱਸਿਆ, ''ਇਹ ਕਹਾਣੀ ਮੇਰੇ ਆਪਣੇ ਪਰਿਵਾਰ ਨਾਲ ਜੁੜੀ ਹੋਈ ਹੈ।


ਉਸ ਦੇ ਦਾਦਾ 1947 'ਚ ਹਿੰਦੋਸਤਾਨ-ਪਾਕਿਸਤਾਨ ਦੀ ਵੰਡ ਦੇ ਉਜੜੇ ਸਨ। ਮੈਂ ਉਨ੍ਹਾਂ ਦਾ ਇਹ ਦੁਖਾਂਤ ਬੇਸ਼ੱਕ ਹੰਢਾਇਆ ਨਹੀਂ ਪਰ ਉਸ ਨੂੰ ਭਲੀ-ਭਾਂਤ ਮਹਿਸੂਸ ਕੀਤਾ ਹੈ। ਇਹ ਇਕ ਸੰਜੀਦਾ ਫ਼ਿਲਮ ਹੈ, ਇਕ ਅਜਿਹੇ ਬੰਦੇ ਦੀ ਕਹਾਣੀ ਹੈ, ਜਿਸਨੂੰ ਉਜੜਨ ਪਿੱਛੋਂ ਆਪਣੀਆਂ ਜੜ੍ਹਾਂ ਦੀ ਭਾਲ ਦੀ ਪਿਆਸ ਹੈ ਅਤੇ ਇਹ ਭਟਕਣ ਉਸ ਦੀ ਨਹੀਂ ਮੁੱਕਦੀ।'' ਅਨੂਪ ਸਿੰਘ 1961 ਵਿਚ ਸਿੱਖ ਪਰਿਵਾਰ 'ਚ ਜਨਮਿਆ। ਉਸ ਨੂੰ ਉਸ ਦੇ ਹਾਲਾਤ ਤੋਂ ਹੀ ਪ੍ਰੇਰਨਾ ਮਿਲੀ ਕਿ ਇਹ ਫ਼ਿਲਮ ਬਣਨੀ ਚਾਹੀਦੀ ਹੈ। ਇਸ ਫ਼ਿਲਮ ਨੂੰ ਵਧੀਆ ਏਸ਼ੀਆਈ ਫ਼ਿਲਮ ਦਾ ਐਵਾਰਡ ਦੇਣ ਵਾਲੀ ਜਿਊਰੀ ਦਾ ਕਹਿਣਾ ਹੈ, ''ਇਹ ਸਿਰਫ਼ ਪੰਜਾਬੀਆਂ ਨਾਲ ਹੀ ਨਹੀਂ ਵਾਪਰਿਆ, ਸਗੋਂ ਸੰਸਾਰ 'ਚ ਬਹੁਤ ਸਾਰੇ ਲੋਕਾਂ ਨੂੰ ਅਜਿਹੀ ਹੋਣੀ 'ਚੋਂ ਲੰਘਣਾ ਪਿਆ ਹੈ। ਨਿਰਦੇਸ਼ਕ ਨੇ ਸਿਨੈਮੈਟਿਕ ਜੁਗਤ ਨੂੰ ਵਰਤਦਿਆਂ, ਵਿਸ਼ੇ ਨੂੰ ਸਾਡੇ ਅੱਗੇ ਲਿਆ ਖੜ੍ਹਾ ਕੀਤਾ।'ਕਿੱਸਾ' ਇਕ ਘੰਟਾ 49 ਮਿੰਟ ਦੀ ਫ਼ਿਲਮ ਹੈ ਅਤੇ ਇਸ ਵਿੱਚ ਬਾਲੀਵੁੱਡ ਦੇ ਪ੍ਰਸਿੱਧ ਕਲਾਕਾਰ ਇਰਫਾਨ ਖ਼ਾਨ ਨੇ ਮੁੱਖ ਭੂਮਿਕਾ ਨਿਭਾਈ ਹੈ। ਉਸ ਨੇ ਪਹਿਲੀ ਵਾਰ ਪੰਜਾਬੀ ਫ਼ਿਲਮ ਕੀਤੀ ਅਤੇ ਇਕ ਅੰਬਰ ਸਿੰਘ ਨਾਮੀ ਸਿੱਖ ਦਾ ਕਿਰਦਾਰ ਨਿਭਾਇਆ। ਇਰਫਾਨ ਖ਼ਾਨ ਦੇ ਨਾਲ ਟਿਸਕਾ ਚੋਪੜਾ, ਤਿਲੋਤਮਾ ਸ਼ੋਮੇ ਅਤੇ ਰਾਸਿਕਾ ਦੁੱਗਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਸਾਰੀ ਸਥਿਤੀ 'ਚ ਜਦੋਂ 'ਕਿੱਸਾ' ਫ਼ਿਲਮ ਸਿਨੇਮਿਆਂ 'ਚ ਰਿਲੀਜ਼ ਹੋਵੇਗੀ ਤਾਂ ਇਸ ਦਾ ਕਿਸ ਤਰ੍ਹਾਂ ਦਾ ਸਵਾਗਤ ਹੋਵੇਗਾ। ਕਿਤੇ ਇਹ ਬਾਕੀ ਐਵਾਰਡ ਜੇਤੂ ਫ਼ਿਲਮਾਂ ਵਾਂਗ ਸਿਰਫ਼ ਜਿਊਰੀ ਦੀ ਹੀ ਪਸੰਦ ਬਣ ਕੇ ਨਾ ਰਹਿ ਜਾਵੇ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy