ਦੁਨੀਆਂ

ਥਾਈਲੈਂਡ 'ਚ ਜਾਰੀ ਸਿਆਸੀ ਅਸਥਿਰਤਾ 'ਤੇ ਅਮਰੀਕਾ ਨੇ ਜ਼ਾਹਰ ਕੀਤੀ ਚਿੰਤਾ

January 27, 2014 09:28 PM

ਵਾਸ਼ਿੰਗਟਨ— ਅਮਰੀਕਾ ਨੇ ਥਾਈਲੈਂਡ 'ਚ ਚੱਲ ਰਹੀ ਸਿਆਸੀ ਅਸਥਿਰਤਾ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਸਾਰੇ ਧਿਰਾਂ ਨੂੰ ਹਿੰਸਾ ਖਤਮ ਕਰਕੇ ਸ਼ਾਂਤੀ ਦਾ ਮਾਹੌਲ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਥਾਈਲੈਂਡ 'ਚ ਚੋਣਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨਾ ਕਾਫੀ ਚਿੰਤਾਜਨਕ ਵਿਸ਼ਾ ਹੈ।


ਉਨ੍ਹਾਂ ਨੇ ਸਾਰੀਆਂ ਧਿਰਾਂ ਨੂੰ ਹਿੰਸਾ ਖਤਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸਿਆਸੀ ਵਿਵਾਦ 'ਚ ਕਿਸੇ ਦਾ ਪੱਖ ਨਹੀਂ ਲੈਣਾ ਚਾਹੁੰਦੇ ਅਤੇ ਅਸੀਂ ਹਰ ਵਿਅਕਤੀ ਦੀ ਸੁਤੰਤਰਤਾ ਅਤੇ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦਾ ਸਮਰਥਨ ਕਰਦੇ ਹਾਂ ਪਰ ਨਾਗਰਿਕਾਂ ਨੂੰ ਵੋਟਿੰਗ ਕਰਨ ਤੋਂ ਰੋਕਣਾ ਉਨ੍ਹਾਂ ਦਾ ਲੋਕਤੰਤਰੀ ਅਧਿਕਾਰ ਖੋਹਣ ਦੇ ਬਰਾਬਰ ਹੈ। ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਐਤਵਾਰ ਨੂੰ ਹੋਈ ਝੜਪ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਨੇਤਾ ਦੀ ਮੌਤ ਹੋ ਗਈ ਸੀ।


ਉਥੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਾ ਦੀਆਂ ਘਟਨਾਵਾਂ 'ਚ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜ਼ਖਮੀ ਹੋਏ ਹਨ। ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਬੈਂਕਾਕ 'ਚ ਤਕਰੀਬਨ ਅੱਧੇ ਵੋਟਿੰਗ ਕੇਂਦਰਾਂ ਨੂੰ ਘੇਰਿਆ ਸੀ ਅਤੇ ਦਰਵਾਜ਼ੇ ਬੰਦ ਕਰ ਦਿੱਤੇ ਸਨ, ਜਿਸ ਨਾਲ ਇਨ੍ਹਾਂ ਕੇਂਦਰਾਂ 'ਤੇ ਅਗੇਤਰੀ ਵੋਟਿੰਗ ਨਹੀਂ ਕਰਵਾਈ ਜਾ ਸਕੀ। ਪ੍ਰਦਰਸ਼ਨਕਾਰੀ ਅਗਲੇ ਹਫਤੇ ਹੋਣ ਵਾਲੀਆਂ ਚੋਣਾਂ ਲਈ ਬਹੁਤ ਸਾਰੇ ਕੇਂਦਰਾਂ 'ਤੇ ਅਗੇਤਰੀ ਵੋਟਿੰਗ ਨੂੰ ਮੁਲਤਵੀ ਕਰਨ ਦੀ ਮੰਗ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਨਵੰਬਰ 'ਚ ਵਿਰੋਧ ਪ੍ਰਦਰਸ਼ਨਾਂ ਨਾਲ ਲੜ ਰਹੀ ਪ੍ਰਧਾਨ ਮੰਤਰੀ ਯਿੰਗਲਕ ਸ਼ਿਨਾਵਾਤਰਾ ਨੇ ਆਉਣ ਵਾਲੀ 2 ਫਰਵਰੀ ਨੂੰ ਚੋਣਾਂ ਕਰਾਉਣ ਦਾ ਫੈਸਲਾ ਕੀਤਾ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy