ਨਵੀਂ ਦਿੱਲੀ— ਕੁਮਾਰੀ ਸੇਲਜਾ ਨੇ ਕਾਂਗਰਸ ਪਾਰਟੀ 'ਚ ਕੰਮ ਕਰਨ ਲਈ ਕੇਂਦਰੀ ਮੰਤਰੀ ਪ੍ਰੀਸ਼ਦ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਨੇ ਉਨ੍ਹਾਂ ਨੂੰ ਹਰਿਆਣਾ ਤੋਂ ਰਾਜ ਸਭਾ ਚੋਣਾਂ ਦੇ ਲਈ ਆਪਣਾ ਉਮੀਦਵਾਰ ਐਲਾਨ ਕੀਤਾ ਹੈ। ਕੁਮਾਰੀ ਸੇਲਜਾ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਸਲੇਜਾ ਨੇ ਸੋਮਵਾਰ ਦੀ ਰਾਤ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।
ਉਹ ਅਕਤੂਬਰ 2012 ਤੋਂ ਸਮਾਜਿਕ ਨਿਆ ਅਤੇ ਅਧਿਕਾਰਤਾ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲ ਰਹੀ ਸੀ। 51 ਸਾਲਾ ਸੇਲਜਾ ਦਾ ਅਸਤੀਫਾ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਕਾਂਗਰਸ ਹਾਈ ਕਮਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ 'ਚ ਫੇਰਬਦਲ 'ਚ ਲੱਗਾ ਹੈ। ਸੇਲਜਾ ਨੂੰ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਵਿਰੋਧੀ ਮੰਨਿਆ ਜਾਂਦਾ ਹੈ। ਚਾਰ ਵਾਰ ਤੋਂ ਲੋਕ ਸਭਾ ਮੈਂਬਰ ਸੇਲਜਾ ਨੇ ਪਾਰਟੀ ਵਲੋਂ ਉਨ੍ਹਾਂ ਦੇ ਗ੍ਰਹਿ ਰਾਜ ਹਰਿਆਣਾ ਤੋਂ ਉਨ੍ਹਾਂ ਨੂੰ ਰਾਜ ਸਭਾ ਦੇ ਲਈ ਉਮੀਦਵਾਰ ਬਣਾਏ ਜਾਣ ਦੇ ਤੁਰੰਤ ਬਾਅਦ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਹਰਿਆਣਾ 'ਚ ਇਸੇ ਸਾਲ ਦੇ ਅਖੀਰ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਕੁਮਾਰੀ ਸੇਲਜਾ ਨੂੰ ਲੋਕ ਸਭਾ ਚੋਣਾਂ ਦੇ ਲਈ ਪਾਰਟੀ ਦੇ ਕੰਮਾਂ 'ਚ ਲਗਾਇਆ ਜਾ ਰਿਹਾ ਹੈ। ਪਾਰਟੀ ਹਾਈ ਕਮਾਨ ਹਰਿਆਣਾ ਦੇ ਲਈ ਸੂਬਾ ਕਾਂਗਰਸ ਪ੍ਰਧਾਨ ਦੀ ਭਾਲ 'ਚ ਹੈ। ਪਹਿਲਾਂ ਇਸ ਅਹੁਦੇ ਲਈ ਅਸ਼ੋਕ ਤੰਵਰ ਦਾ ਨਾਂ ਲਿਆ ਜਾ ਰਿਹਾ ਸੀ।