ਪੰਜਾਬ
ਬਿਆਸ ਦਰਿਆ `ਚ ਸੀਰਾ ਘੁਲਣ ਦਾ ਮਾਮਲਾ, ਚੱਢਾ ਸ਼ੂਗਰ ਮਿੱਲ ਦਾ ਨਿਗਰਾਨ ਕਮੇਟੀ ਨੇ ਕੀਤਾ ਦੌਰਾ, ਸੰਤ ਸੀਚੇਵਾਲ ਦੀ ਅਗਵਾਈ ਹੇਠ ਹੋਈ ਮੀਟਿੰਗ

ਸੁਲਤਾਨਪੁਰ ਲੋਧੀ- ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚੱਢਾ ਸ਼ੂਗਰ ਮਿੱਲ ਦੇ ਮਾਮਲੇ 'ਚ ਚੱਲ ਰਹੀ ਜਾਂਚ ਬਾਰੇ ਵੱਖ ਵੱਖ ਵਿਭਾਗਾਂ ਵੱਲੋਂ ਤਿਆਰ ਕੀਤੀਆਂ ਗਈਆਂ ਰਿਪੋਰਟਾਂ ਨੂੰ ਘੋਖਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫਤਰ 'ਚ ਹੋਈ ਮੀਟਿੰਗ ਵਿਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਚੰਦਰਾ ਬਾਬੂ ਨੇ ਬਿਆਸ ਦਰਿਆ ਵਿਚ ਚੱਢਾ ਸ਼ੂਗਰ ਮਿੱਲ ਦੀ ਲਾਪ੍ਰਵਾਹੀ ਕਾਰਨ ਘੁਲੇ ਸੀਰੇ ਦੀਆਂ ਰਿਪੋਰਟਾਂ ਲਈਆਂ। ਨਿਗਰਾਨ ਕਮੇਟੀ ਨੇ ਕੀੜੀ ਅਫਗਾਨਾ ਵਿਚ ਮੌਕੇ 'ਤੇ ਜਾ ਕੇ ਉਸ ਥਾਂ ਦਾ ਦੌਰਾ ਕੀਤਾ ਜਿਥੋਂ ਸੀਰੇ ਦੇ ਭੰਡਾਰ ਵਿਚ ਧਮਾਕਾ ਹੋਇਆ ਸੀ ਤੇ ਵੱਡੀ ਪੱਧਰ 'ਤੇ ਸੀਰਾ ਡਰੇਨ ਰਾਹੀਂ ਹੁੰਦਾ ਹੋਇਆ ਬਿਆਸ ਦਰਿਆ ਵਿਚ ਰਲ ਗਿਆ ਸੀ। ਜਿਸ ਕਾਰਨ ਵੱਡੇ ਪੱਧਰ 'ਤੇ ਮੱਛੀਆਂ ਸਮੇਤ ਹੋਰ ਜਲਚਰ ਜੀਵਾਂ ਦੀ ਮੌਤ ਹੋ ਗਈ ਸੀ। ਚੱਢਾ ਸ਼ੂਗਰ ਮਿੱਲ ਦੀ ਲਾਪ੍ਰਵਾਹੀ ਕਾਰਨ ਵਾਪਰੇ ਇਸ ਵੱਡੇ ਹਾਦਸੇ ਬਾਰੇ ਆਪ ਦੇ ਬਾਗੀ ਆਗੂ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਐਨਜੀਟੀ 'ਚ ਰਿੱਟ ਦਾਇਰ ਕੀਤੀ ਹੋਈ ਸੀ। ਇਸ ਬਾਰੇ ਐਨਜੀਟੀ ਵੱਲੋਂ ਇਹ ਕੇਸ ਵੀ ਨਿਗਰਾਨ ਕਮੇਟੀ ਨੂੰ ਦਿੱਤਾ ਹੋਇਆ ਹੈ ਜਿਸ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹਨ। ਨਿਗਰਾਨ ਕਮੇਟੀ ਨੇ ਪਹਿਲੀ ਵਾਰ ਚੱਢਾ ਸ਼ੂਗਰ ਮਿੱਲ ਦੇ ਉਸ ਥਾਂ ਦਾ ਦੌਰਾ ਕੀਤਾ ਜਿਥੋਂ ਸੀਰੇ ਦੇ ਭੰਡਾਰ ਦਾ ਬੰਨ੍ਹ ਟੁੱਟਾ ਸੀ। ਜਾਣਕਾਰੀ ਅਨੁਸਾਰ ਕੀੜੀ ਅਫਗਾਨਾ 'ਚ ਕਮੇਟੀ ਵੱਲੋਂ ਦੌਰਾ ਕਰਨ ਤੋਂ ਪਹਿਲਾਂ ਕੀਤੀ ਗਈ ਮੀਟਿੰਗ ਵਿਚ ਮਿੱਲ ਦੇ ਅਧਿਕਾਰੀ ਵੀ ਸ਼ਾਮਲ ਹੋਏ ਸਨ ਤੇ ਉਨ੍ਹਾਂ ਕੋਲੋਂ ਵੀ ਨਿਗਰਾਨ ਕਮੇਟੀ ਨੇ ਜਾਣਕਾਰੀ ਇਕੱਠੀ ਕੀਤੀ ਕਿ ਕਿਵੇਂ ਸੀਰੇ ਨੂੰ ਸੰਭਾਲਣ ਦੇ ਪ੍ਰਬੰਧ ਕੀਤੇ ਹੋਏ ਹਨ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੀਰਾ ਰਿਸਣ ਦੇ ਮਾਮਲੇ ਵਿਚ ਕੀ ਕੀ ਪੇਸ਼ਬੰਦੀਆਂ ਕੀਤੀਆਂ ਗਈਆਂ, ਉਸ ਬਾਰੇ ਜਾਣਕਾਰੀ ਲਈ ਗਈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਸ ਬਾਰੇ ਵੀ ਐਨਜੀਟੀ ਨੂੰ ਤਿੰਨ ਮਹੀਨਿਆਂ ਵਿਚ ਰਿਪੋਰਟ ਸੌਂਪੀ ਜਾਣੀ ਹੈ ਤੇ ਇਸ ਬਾਰੇ ਪਹਿਲਾਂ ਵੀ ਮੀਟਿੰਗਾਂ ਹੋ ਚੁੱਕੀਆਂ ਹਨ। ਯਾਦ ਰਹੇ ਕਿ ਐਨਜੀਟੀ ਵੱਲੋਂ ਨਿਰਧਾਰਤ ਕੀਤੀ ਗਈ ਨਿਗਰਾਨ ਕਮੇਟੀ ਦੇ ਮੈਂਬਰ ਹੁੰਦਿਆਂ ਸੰਤ ਸੀਚੇਵਾਲ ਨੇ ਸਤਲੁਜ ਤੇ ਬਿਆਸ ਦਰਿਆ ਨੂੰ ਪਲੀਤ ਕਰਨ ਬਾਰੇ ਜਿਹੜੀ ਰਿਪੋਰਟ ਪੇਸ਼ ਕੀਤੀ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ੫੦ ਕਰੋੜ ਦਾ ਜੁਰਮਾਨਾ ਕੀਤਾ ਗਿਆ ਸੀ। ਇਹ ਪਹਿਲੀ ਵਾਰ ਹੋਇਆ ਸੀ ਕਿ ਪੰਜਾਬ ਦੇ ਦਰਿਆਵਾਂ ਨੂੰ ਪਲੀਤ ਕਰਨ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਏਨੀ ਮੋਟੀ ਰਕਮ ਦਾ ਜੁਰਮਾਨਾ ਹੋਇਆ ਹੋਵੇ। ਇਸ ਜੁਰਮਾਨੇ ਨੂੰ ਉਗਰਾਹੁਣ ਬਾਰੇ ਤੇ ਦਰਿਆਵਾਂ ਨੂੰ ਸਾਫ ਸੁਥਰਾ ਰੱਖਣ ਬਾਰੇ ਐਨਜੀਟੀ 'ਚ ਅਗਲੀ ਪੇਸ਼ੀ ੨੨ ਫਰਵਰੀ ੨੦੧੯ ਨੂੰ ਹੋਵੇਗੀ।   

ਪੜ੍ਹੋ ਦਾਦੂਵਾਲ ਕਿਸ ਮਾਮਲੇ ਚੋਂ ਹੋਏ ਬਰੀ ?

ਮਾਨਸਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਚਾਰ ਵਰ੍ਹੇ ਪੁਰਾਣੇ ਧੋਖਾਧੜੀ ਤੇ ਹਥਿਆਰਾਂ ਨਾਲ ਸਬੰਧਤ ਕਾਨੂੰਨ ਅਧੀਨ ਦਰਜ ਹੋਏ ਕੇਸ ‘ਚੋਂ ਬਰੀ ਕਰ ਦਿੱਤਾ। ਜੱਥੇਦਾਰ ਦਾਦੂਵਾਲ ਵਿਰੁੱਧ ਮਾਨਸਾ ਸਦਰ ਪੁਲਿਸ ਥਾਣੇ ‘ਚ ਸਾਲ 2014 ਤੋਂ ਧਾਰਾਵਾਂ 420, 468 ਅਤੇ 471 ਅਧੀਨ ਮਾਮਲਾ ਦਰਜ ਸੀ। ਐੱਫ਼ਆਈਆਰ ‘ਚ ਪੁਲਿਸ ਨੇ ਕਿਹਾ ਸੀ ਕਿ ਉਹ ਜਦੋਂ ਮਾਨਸਾ ਜਿ਼ਲ੍ਹੇ ਦੇ ਪਿੰਡ ਠੂਠਿਆਂਵਾਲੀ ‘ਚ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ ‘ਤੇ ਸਨ, ਤਦ ਉਨ੍ਹਾਂ ਨੂੰ ਕਿਸੇ ਨੇ ਜਾਣਕਾਰੀ ਦਿੱਤੀ ਕਿ ਕੋਈ ਕਾਰ ਪਿੰਡ ਦੇ ਬਾਹਰਵਾਰ ਲਾਵਾਰਸ ਹਾਲਤ ‘ਚ ਖੜ੍ਹੀ ਹੈ। ਪੁਲਿਸ ਨੂੰ ਉਸ ਕਾਰ ਦੇ ਅੰਦਰ ਚੱਲੇ ਹੋਏ ਕੁਝ ਕਾਰਤੂਸ ਵੀ ਬਰਾਮਦ ਹੋਏ ਸਨ। ਬਾਅਦ ‘ਚ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਹਥਿਆਰਾਂ ਨਾਲ ਸਬੰਧਤ ਕਾਨੂੰਨ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜੱਥੇਦਾਰ ਦਾਦੂਵਾਲ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਦੇ ਗੁਰਦੁਆਰਾ ਜੰਡਸਰ ਸਾਹਿਬ ਤੋਂ 21 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਇਸ ਪਿੱਛੇ ਕਥਿਤ ਤੌਰ ‘ਤੇ ਉਦੋਂ ਦੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ -ਭਾਜਪਾ ਗੱਠਜੋੜ ਸਰਕਾਰ ਦਾ ਹੱਥ ਸੀ।

ਬਰਨਾਲਾ `ਚ ਫੈਕਰਟੀ `ਚ ਅੱਗ ਲੱਗਣ ਕਾਰਨ 3 ਦੀ ਮੌਤ ਦੀਆਂ ਖ਼ਬਰਾਂ

ਬਰਨਾਲਾ ਲਾਗਲੇ ਪਿੰਡ ਉੱਗੋਕੇ 'ਚ ਸਥਿਤ ਇੱਕ ਫ਼ੋਮ ਫ਼ੈਕਟਰੀ ਦੇ ਗੋਦਾਮ ‘ਚ ਅੱਗ ਲੱਗਣ ਕਾਰਨ ਤਿੰਨ ਵਿਅਕਤੀ ਦੀ ਮੌਤ ਦੀੳਾ ਖ਼ਬਰਾਂ ਹਨ । ਅੱਗ ਲੱਗਣ ਦਾ ਪਤਾ ਸਵੇਰੇ 10 ਵਜੇ ਲੱਗਾ। ਗੋਦਾਮ ਦੇ ਨੇੜੇ ਹੀ ਕਈ ਸਿਲੰਡਰ ਪਏ ਸਨ ਪਰ ਉਨ੍ਹਾਂ ਦਾ ਬਚਾਅ ਹੋ ਗਿਆ। ਜੇ ਕਿਤੇ ਅੱਗ ਉਨ੍ਹਾਂ ਤੱਕ ਪੁੱਜ ਜਾਂਦੀ, ਤਾਂ ਅਗਨੀ-ਕਾਂਡ ਕਿਤੇ ਜਿ਼ਆਦਾ ਭਿਆਨਕ ਹੋ ਸਕਦਾ ਸੀ। ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ। ਗੋਦਾਮ ਵਿੱਚ ਸਿਰਫ਼ ਈਪੀਈ ਫ਼ੋਮ ਸ਼ੀਟਾਂ ਹੀ ਪਈਆਂ ਸਨ ਤੇ ਕੰਮ ਬੰਦ ਪਿਆ ਸੀ।  
 

ਪੰਜਾਬ ਕੈਬਨਿਟ ਦੀ ਮੀਟਿੰਗ : 13 ਤੋਂ 15 ਦਸੰਬਰ ਤੱਕ ਵਿਧਾਨ ਸਭਾ ਸੈਸ਼ਨ

ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ ਨੂੰ 13 ਤੋਂ 15 ਦਸੰਬਰ, 2018 ਤੱਕ ਬੁਲਾਉਣ ਦਾ ਫੈਸਲਾ ਕੀਤਾ ਹੈ।  ਮੀਟਿੰਗ 'ਚ ਮੰਤਰੀ ਮੰਡਲ ਨੇ ਕਈ ਫੈਸਲੇ ਲਏ।ਮੀਟਿੰਗ ‘ਚ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਕੇਂਦਰ ਸਰਕਾਰ ਅਤੇ ਪਾਕਿਸਤਾਨ ਸਰਕਾਰ ਦੀ ਸ਼ਲਾਘਾ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਲੁਧਿਆਣਾ ਜਿ਼ਲ੍ਹੇ ਦੇ ਹਲਵਾਰਾ ‘ਚ 135 ਏਕੜ ਜ਼ਮੀਨ ‘ਚ ਏਏਆਈ ਨਾਲ ਮਿਲਕੇ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਇਆ ਜਾਵੇਗਾ। ਮੀਟਿੰਗ ‘ਚ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੈਬਨਿਟ ਵੱਲੋਂ ਅਹਿਮ ਪ੍ਰਸਤਾਵ ਪਾਸ ਕੀਤਾ ਗਿਆ। ਇਸਦੇ ਨਾਲ ਹੀ ਮੀਟਿੰਗ ‘ਚ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਬਣਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ। ਪੰਜਾਬ ਕੈਬਨਿਟ ‘ਚ ਪੰਜਾਬ ਜਲ ਸਰੋਤ 2018 ਬਿੱਲ ਪਾਸ ਕੀਤਾ ਗਿਆ।
 

ਪਟਿਆਲਾ ਵਿਚਲਾ ਅਧਿਆਪਕਾਂ ਦਾ ਧਰਨਾ ਸਮਾਪਤ

ਪਟਿਆਲਾ ਵਿੱਚ ਧਰਨੇ ਤੇ ਬੈਠੇ ਅਧਿਆਪਕਾਂ ਦੀਆਂ ਮੰਗਾ ਮੰਨਣ ਦਾ ਭਰੋਸਾ ਦਿਵਾ ਕੇ ਇੱਕ ਵਾਰ ਧਰਨਾਂ ਸਮਾਪਤ ਕਰਵਾ ਲਿਆ ਗਿਆ ਹੈ । ਸਿੱਖਿਆ ਮੰਤਰੀ ਓ ਪੀ ਸੋਨੀ ਨੇ  56 ਦਿਨਾਂ ਤੋਂ ਧਰਨੇ ’ਤੇ ਬੈਠੇ ਅਧਿਆਪਕਾਂ ਕੋਲ ਪਹੁੰਚ ਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਿੱਖਿਆ ਮੰਤਰੀ ਨੇ ਭੁੱਖ ਹੜਤਾਲ ’ਤੇ ਬੈਠੇ ਅਧਿਆਪਕਾਂ ਨੂੰ ਜੂਸ ਪਿਲਾ ਕੇ ਧਰਨਾ ਸਮਾਪਤ ਕਰਵਾਇਆ।
ਦੇਰ ਸ਼ਾਮ ਸੋਨੀ ਨੇ ਧਰਨਾ ਸਥਾਨ ’ਤੇ ਪਹੁੰਚ ਕੇ ਐਲਾਨ ਕੀਤਾ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ 5178 ਵਾਲੇ ਅਧਿਆਪਕਾਂ ਨੂੰ ਜਨਵਰੀ 2019 ਤੋਂ ਪੂਰੀ ਤਨਖਾਹ ਦਿੱਤੀ ਜਾਵੇਗੀ ਅਤੇ ਵਾਲੰਟੀਅਰ ਕੈਟਾਗਰੀ ਅਧੀਨ ਭਰਤੀ ਅਧਿਆਪਕਾਂ ਦੀ ਤਨਖ਼ਾਹ ’ਚ 1500 ਰੁਪਏ ਦਾ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਸਐਸਏ, ਰਮਸਾ ਤੇ ਆਦਰਸ਼ ਸਕੂਲ ਅਧਿਆਪਕਾਂ ਦੀ ਤਨਖਾਹ ’ਚ ਕਟੌਤੀ ਆਦਿ ਮਸਲਿਆਂ ਸਬੰਧੀ ਮੁੱਖ ਮੰਤਰੀ ਨਾਲ ਅਗਲੇ ਹਫ਼ਤੇ ਮੀਟਿੰਗ ਕਰਵਾਈ ਜਾਵੇਗੀ। ਉਨ੍ਹਾਂ ਆਖਿਆ ਕਿ ਸੁਸਾਇਟੀਆਂ ਅਧੀਨ ਅਧਿਆਪਕਾਂ ਦੇ ਮਸਲਿਆਂ ਦੇ ਨਿਬੇੜੇ ਲਈ 4 ਦਸੰਬਰ ਨੂੰ ਉਹ ਖ਼ੁਦ ਅਧਿਆਪਕ ਮੋਰਚੇ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਜਿਨ੍ਹਾਂ ਅਧਿਆਪਕਾਂ ਦੀਆਂ ਸੰਘਰਸ਼ ਸਮੇਂ ਬਦਲੀਆਂ, ਮੁਅੱਤਲੀਆਂ ਆਦਿ ਹੋਈਆਂ ਹਨ, ਉਹ ਹੁਕਮ ਰੱਦ ਕੀਤੇ ਜਾਣਗੇ।

ਚੋਣਾਂ ਚੀਫ ਖਾਲਸਾ ਦੀਵਾਨ ਦੀਆਂ : ਚੱਢਾ ਧੜਾ ਤੇ ਨਿਰਮਲ ਸਿੰਘ ਧੜਾ ਆਹਮਣੇ-ਸਾਹਮਣੇ

ਚੀਫ ਖਾਲਸਾ ਦੀਵਾਨ ਦੀਆਂ ਚੋਣਾਂ ਪ੍ਰਤੀ ਚੋਣ ਪ੍ਰਚਾਰ 'ਚ ਮੋਹਰੀ ਅਤੇ ਪ੍ਰਧਾਨਗੀ ਉਮੀਦਵਾਰ ਨਿਰਮਲ ਸਿੰਘ ਦੇ ਹਮਾਇਤੀ ਦੀਵਾਨ ਮੈਬਰਾਂ ਨੇ ਚੱਢਾ ਧੜੇ 'ਤੇ ਆਪਣੀ ਨਿਮੋਸ਼ੀਜਨਕ ਹਾਰ ਨੂੰ ਦੇਖ ਕੇ ਚੋਣਾਂ ਨੂੰ ਅਗੇ ਪਾਉਣ ਲਈ ਚੋਣ ਪ੍ਰਕ੍ਰਿਆ 'ਚ ਅੜਿਚਨ ਪਾਉਣ ਦੇ ਦੋਸ਼ ਲਾਏ ਹਨ।
ਦੀਵਾਨ ਦੇ ਮੈਬਰਾਂ ਪ੍ਰੋ: ਹਰੀ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ ਢਿੱਲੋਂ, ਰਜਿੰਦਰ ਸਿੰਘ ਮਰਵਾਹ ਅਤੇ ਮਨਮੋਹਨ ਸਿੰਘ ਨੇ ਕਿਹਾ ਕਿ ਚੱਢਾ ਧੜੇ ਵਲੋਂ ਚੋਣਾਂ 'ਚ ਸਾਜਿਸ਼ੀ ਵਿਘਣ ਪਾਉਣ ਦੇ ਬਾਵਜੂਦ 2 ਦਸੰਬਰ ਨੂੰ ਹੀ ਹਰ ਹਾਲ 'ਚ ਚੋਣ ਕਰਾਉਣ ਦੀ ਚੋਣ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ। ਉਹਨਾਂ ਪਲਟ ਵਾਰ ਕਰਦਿਆਂ ਕਿਹਾ ਕਿ ਚੱਢਾ ਧੜੇ ਨੂੰ ਪਤਾ ਲਗ ਚੁਕਾ ਹੈ ਕਿ ਉਹ ਹਾਰੀ ਹੋਈ ਲੜਾਈ ਲੜ ਰਹੇ ਹਨ, ਇਸ ਲਈ ਉਹ ਵੋਟਰ ਸੂਚੀਆਂ ਦਾ ਬਹਾਨਾ ਬਣਾ ਕੇ ਚੋਣਾਂ ਨੂੰ ਟਾਲਣਾ ਚਾਹੁੰਦੇ ਹਨ, ਪਰ ਅਜਿਹਾ ਨਹੀਂ ਹੋਣ ਦਿਤਾ ਜਾਵੇਗਾ। ਉਹਨਾਂ ਜਾਅਲੀ ਵੋਟਾਂ ਜਾਂ ਵੋਟਾਂ ਬਣਾਉਣ 'ਚ ਬੇਨਿਯਮੀਆਂ ਬਾਰੇ ਵਿਰੋਧੀ ਧਿਰ ਵਲੋਂ ਲਾਏ ਗਏ ਦੋਸ਼ਾਂ ਅਤੇ ਤਰਕ ਨੂੰ ਮੂਲੋਂ ਰੱਦ ਕੀਤਾ। ਉਹਨਾਂ ਕਿਹਾ ਕਿ ਬੀਤੇ ਦੌਰਾਨ ਦੀਵਾਨ ਨਾਲ ਜੋ ਵੀ ਕੁਝ ਵਾਪਰਿਆ ਅਤੇ ਸਿੱਖ ਕੌਮ ਨੂੰ ਨਮੋਸ਼ੀ ਸਹਿਣੀ ਪਈ, ਨਤੀਜਾ ਇਹ ਕਿ ਹੁਣ ਲੋਕ ਇਨਾਂ ਤੌਂ ਜਵਾਬ ਮੰਗ ਦੇ ਹਨ। ਵਿਰੋਧੀ ਧਿਰ ਨੂੰ ਸੰਗਤ ਅਤੇ ਦੀਵਾਨ ਦੇ ਮੈਬਰਾਂ ਵਲੋਂ ਸਮਰਥਨ ਨਾ ਮਿਲਣ 'ਤੇ ਉਨਾਂ ਵਲੋਂ ਜਾਅਲੀ ਵੋਟਾਂ ਦਾ ਵਾਵੇਲਾ ਖੜਾ ਕਰਨ ਦੀ ਇਹ ਇਕ ਨਾਕਾਮ ਕੋਸ਼ਿਸ਼ ਕੀਤੀ ਹੈ। ਉਨਾਂ ਕਿਹਾ ਕਿ ਲੋਕਲ ਕਮੇਟੀ ਨੂੰ ਕਲਾਜ਼ 17 ਤਹਿਤ ਨਵੇਂ ਮੈਬਰ ਬਣਾਉਣ ਦੇ ਅਧਿਕਾਰ ਹਾਸਲ ਹਨ, ਜਿਸ ਦੀ ਲੋਕਲ ਕਮੇਟੀਆਂ ਨੇ ਵਰਤੋਂ ਕੀਤੀ ਹੈ। ਉਹਨਾਂ ਵਿਰੋਧੀਆਂ ਨੂੰ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਉਨਾਂ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਉਨਾਂ ਦੇ ਕਈ ਮੈਬਰ ਦੀਵਾਨ ਨੂੰ ਬਿਨਾ ਕੋਈ ਦਰਖਾਸਤ ਦਿਤਿਆਂ ਹੀ ਕਾਨਪੁਰ ਮੀਟਿੰਗ 'ਚ ਨਿਯਮਾਂ ਦੇ ਬਿਲਕੁਲ ਉਲਟ ਜਾ ਕੇ ਮੈਬਰ ਬਣਾ ਲਏ ਗਏ ਸਨ। ਜਿਨਾਂ ਦੀ  ਮੈਬਰਸ਼ਿਪ ਫਾਰਮ ਭਰਨ ਦੀ ਰਸਮੀ ਕਾਰਵਾਈ ਬਾਅਦ 'ਚ ਕੀਤੀ ਗਈ। ਉਨਾਂ ਆਪਣੇ ਵਿਰਧੀਆਂ 'ਤੇ ਹੈਰਾਨੀ ਪ੍ਰਗਟ ਕਰਦਿਆਂ ਸਵਾਲ ਕੀਤਾ ਕਿ ਬੀਤੇ ਦੌਰਾਨ ਉਨਾਂ ਦੇ ਇਕ ਵਿਵਾਦਿਤ ਪ੍ਰਧਾਨ ਵਲੋਂ ਆਪਣੇ ਇਕ ਮੁੰਡੇ ਨੂੰ ਦੀਵਾਨ ਦਾ ਮੀਤ ਪ੍ਰਧਾਨ , ਦੂਜੇ ਨੂੰ ਐਡੀਸ਼ਨਲ ਆਨਰੇਰੀ ਸਕਤਰ, ਭਾਣਜਾ ਅਤੇ ਪਰਿਵਾਰਕ ਔਰਤਾਂ ਤੋਂ ਇਲਾਵਾ ਨੌਕਰਾਂ ਤੱਕ ਨੂੰ ਵੀ ਮੈਬਰ ਬਣਾ ਲਏ ਗਏ  ਅਤੇ ਨਜਦੀਕੀ ਰਿਸ਼ਤੇਦਾਰ(ਜਵਾਈ) ਆਦਿ ਨੂੰ ਬਾਹਰਲੀ ਸਟੇਟ ਦਾ ਲੋਕਲ ਕਮੇਟੀ ਪ੍ਰਧਾਨ ਬਣਾ ਦਿਤਾ ਗਿਆ, ਜੋ ਕਿ ਇਨਾਂ 'ਚ ਕਈ ਤਾਂ ਪਤਿਤ ਵੀ ਸਨ ਬਾਰੇ ਅਜ ਤੱਕ ਕਿਉਂ ਚੁੱਪ ਹਨ। ਕੀ ਇਹ ਸਭ ਜਾਇਜ਼ ਸੀ?। ਡਾ: ਸੰਤੋਖ ਸਿੰਘ ਨੂੰ ਦੀਵਾਨ ਤੋਂ ਗੈਰ ਸਿਧਾਂਤਕ ਤਰੀਕੇ ਨਾਲ ਬਾਹਰ ਕਰਨ ਲਈ ਮੁੰਬਈ ਵਿਖੇ ਵਿਰੋਧੀਆਂ ਵਲੋਂ ਟਿੱਲ ਦਾ ਜੋਰ ਲਾਇਆ ਗਿਆ। ਕੀ ਇਹ ਜਾਇਜ਼ ਸੀ। ਉਹਨਾਂ ਕਿਹਾ ਕਿ ਦੀਵਾਨ ਦੇ ਪਤਿਤ ਮੈਬਰਾਂ ਨੂੰ ਵੋਟ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ , ਚੋਣ ਅਧਿਕਾਰੀਆਂ ਨੂੰ ਇਸ ਦੀ ਸਖਤੀ ਨਾਲ ਪਾਲਣ ਕਰਾਇਆ ਜਾਣਾ ਚਾਹੀਦਾ ਹੈ। 

ਬਰਗਾੜੀ ਮੋਰਚਾ : ਬਾਦਲਾਂ ਨੂੰ ਸਜ਼ਾ ਭੁਗਤਣ ਲਈ ਸ੍ਰੀ ਅਕਾਲ ਤਖ਼ਤ ਅੱਗੇ ਇੱਕ ਦਿਨ ਜ਼ਰੂਰ ਗੋਡੇ ਰਗੜ ਕੇ ਆਉਣਾ ਪਵੇਗਾ- ਧਿਆਨ ਸਿੰਘ ਮੰਡ

ਬਰਗਾੜੀ ਵਿੱਚ ਚੱਲ ਰਹੇ ਇਨਸਾਫ਼ ਮੋਰਚੇ ਦੇ 178ਵੇਂ ਦਿਨ ਗੁਰੂ ਨਾਨਕ ਦੇਵ ਦੇ 550ਵੇਂ ਗੁਰਪੁਰਬ ਨਾਲ ਸਬੰਧਤ ਸਮਾਗਮ ਹੋਇਆ। ਸਮਾਗਮ ਵਿੱਚ ਪਹੁੰਚੀਆਂ ਧਾਰਮਿਕ ਅਤੇ ਰਾਜਨੀਤਕ ਹਸਤੀਆਂ ਦੀਆਂ ਤਕਰੀਰਾਂ ਵਿੱਚ ਬੇਅਦਬੀ ਦਾ ਮੁੱਦਾ ਭਾਰੂ ਰਿਹਾ। ਪਿਛਲੇ ਦਿਨੀਂ ਬਾਦਲਾਂ ਦੇ ਦਿੱਲੀ ਸਥਿਤ ਨਿਵਾਸ ’ਤੇ ਹੋਏ ਗੁਰਪੁਰਬ ਸਮਾਗਮ ਨੂੰ ਲੈ ਕੇ ਬਹੁਤੇ ਬੁਲਾਰਿਆਂ ਨੇ ਸੁਆਲ ਵੀ ਉਠਾਏ ਗਏ।
ਸ੍ਰੀ ਅਕਾਲ ਤਖ਼ਤ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਦੇਰ ਸ਼ਾਮ ਨੂੰ ਸਮਾਗਮ ਦੀ ਸਮਾਪਤੀ ਮੌਕੇ ਆਪਣੇ ਸੰਬੋਧਨ ਰਾਹੀਂ ਖ਼ੁਲਾਸਾ ਕੀਤਾ ਕਿ ਸਿੱਖ ਕੌਮ ਨੇ ਕੇਸਰੀ ਝੰਡੇ ਹੇਠਾਂ ਇੱਕ-ਮੁੱਠ ਹੋਣ ਦਾ ਮਾਰਿਆ ਹੰਭਲਾ ਤਸੱਲੀਬਖ਼ਸ਼ ਕਦਮ ਹੈ। ਉਨ੍ਹਾਂ ਖ਼ਲਕਤ ਨੂੰ ਸੁਨੇਹਾ ਦਿੱਤਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਅਤੇ ਸਭਨਾਂ ਨੂੰ ਪਿਆਰ ਕਰਨ ਵਾਲੀ ਕੌਮ ਹੈ। ਇਸ ਲਈ ਸਮੁੱਚੀ ਲੋਕਾਈ ਨੂੰ ਹਰ ਖੇਤਰ ਦੀ ਬਿਹਤਰੀ ਲਈ ਸਿੱਖ ਕੌਮ ਦਾ ਸਹਿਯੋਗ ਕਰਨਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਦਾ ਨਾਂ ਲੈ ਕੇ ਉਨ੍ਹਾਂ ਕਿਹਾ ਕਿ ਉਹ ਬੇਅਦਬੀ ਦੇ ਦੋਸ਼ੀ ਹਨ ਅਤੇ ਉਨ੍ਹਾਂ ਨੂੰ ਸਜ਼ਾ ਭੁਗਤਣ ਲਈ ਸ੍ਰੀ ਅਕਾਲ ਤਖ਼ਤ ਅੱਗੇ ਇੱਕ ਦਿਨ ਜ਼ਰੂਰ ਗੋਡੇ ਰਗੜ ਕੇ ਆਉਣਾ ਪਵੇਗਾ। ਭਾਈ ਮੰਡ ਨੇ ਬਾਦਲਾਂ ’ਤੇ ਅਕਾਲੀ ਦਲ ਨੂੰ ਭਾਜਪਾ ਵਿਚ ‘ਰਲਾਉਣ’ ਦਾ ਇਲਜ਼ਾਮ ਵੀ ਲਾਇਆ। ਗ੍ਰਨੇਡ ਹਮਲੇ ਦੇ ਸਬੰਧ ’ਚ ਕੈਪਟਨ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਸਿੱਖ ਨੌਜਵਾਨਾਂ ਨੂੰ ‘ਝੂਠੇ’ ਕੇਸ ਵਿੱਚ ਉਲਝਾਉਣ ਦਾ ਦੋਸ਼ ਲਾਇਆ। ਉਨ੍ਹਾਂ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਪਹਿਲਾਂ ਬਰਗਾੜੀ ਬੇਅਦਬੀ ਕਾਂਡ ਵੇਲੇ ਤਤਕਾਲੀ ਅਕਾਲੀ ਸਰਕਾਰ ਨੇ ਵੀ ਪੰਜਗਰਾਈਂ ਦੇ ਦੋ ਨੌਜਵਾਨ ਭਰਾਵਾਂ ਨੂੰ ਇਸੇ ਤਰ੍ਹਾਂ ਹੀ ਫਸਾਇਆ ਸੀ।

ਬਠਿੰਡਾ ਤੋਂ ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਲਈ ਕੁਨੈਕਟਿਡ ਉਡਾਣ

ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਲਈ ਹੁਣ ਬਠਿੰਡਾ ਤੋਂ ਵਾਇਆ ਦਿੱਲੀ ਉਡਾਣ ਸ਼ੁਰੂ ਹੋਵੇਗੀ। ਏਅਰ ਇੰਡੀਆ ਵੱਲੋਂ 19 ਨਵੰਬਰ ਤੋਂ ਦਿੱਲੀ-ਨਾਂਦੇੜ ਸਾਹਿਬ ਲਈ ਹਵਾਈ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ ਜੋ ਕੁਨੈਕਟਿਡ ਫਲਾਈਟ ਵਜੋਂ ਬਠਿੰਡਾ ਹਵਾਈ ਅੱਡੇ ਨਾਲ ਜੁੜੇਗੀ। ਬਠਿੰਡਾ-ਦਿੱਲੀ ਹਵਾਈ ਉਡਾਣ ਅਤੇ ਦਿੱਲੀ ਨਾਂਦੇੜ ਉਡਾਣ ਦਾ ਸਮਾਂ ਆਪਸ ਵਿਚ ਮੇਲ ਖਾ ਰਿਹਾ ਹੈ। ਕੁਨੈਕਟਿਡ ਫਲਾਈਟ ਰਾਹੀਂ ਸ਼ਰਧਾਲੂ ਹੁਣ ਬਠਿੰਡਾ ਤੋਂ ਨਾਂਦੇੜ ਸਾਹਿਬ ਜਾ ਸਕਣਗੇ। ਫ਼ਿਲਹਾਲ ਇਹ ਕੁਨੈਕਟਿਡ ਫਲਾਈਟ ਇੱਕਤਰਫਾ ਹੀ ਹੋਵੇਗੀ ਅਤੇ ਵਾਪਸੀ ਲਈ ਇਹ ਸੁਵਿਧਾ ਅਜੇ ਦੂਰ ਜਾਪਦੀ ਹੈ। ਏਅਰ ਇੰਡੀਆ ਵੱਲੋਂ ਚੰਡੀਗੜ੍ਹ ਤੋਂ ਨਾਂਦੇੜ ਲਈ ਵਾਇਆ ਦਿੱਲੀ ਵੀ ਕੁਨੈਕਟਿਡ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ।ਬਠਿੰਡਾ ਤੋਂ ਦਿੱਲੀ ਲਈ ਜੋ ਹਫ਼ਤੇ ਵਿਚ ਤਿੰਨ ਦਿਨ ਉਡਾਣ ਹੁੰਦੀ ਸੀ, ਉਹ 16 ਜੁਲਾਈ ਤੋਂ ਵਧਾ ਕੇ ਹਫ਼ਤੇ ਵਿਚ ਚਾਰ ਦਿਨ ਕਰ ਦਿੱਤੀ ਗਈ ਹੈ। ਪਹਿਲਾਂ ਹਫ਼ਤੇ ’ਚ ਤਿੰਨ ਦਿਨ ਬਠਿੰਡਾ-ਦਿੱਲੀ ਉਡਾਣ ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਨੂੰ ਹੁੰਦੀ ਸੀ ਅਤੇ ਹੁਣ ਸੋਮਵਾਰ ਵਾਲੇ ਦਿਨ ਵੀ ਉਡਾਣ ਕਰ ਦਿੱਤੀ ਗਈ ਹੈ। ਬਠਿੰਡਾ ਤੋਂ ਜਹਾਜ਼ 11:10 ਵਜੇ ਦਿੱਲੀ ਲਈ ਉਡਾਣ ਭਰਦਾ ਹੈ ਜੋ12:10 ਉੱਤੇ ਦਿੱਲੀ ਪੁੱਜ ਜਾਂਦਾ ਹੈ। ਅੱਗਿਓਂ ਦਿੱਲੀ ਤੋਂ ਨਾਂਦੇੜ ਲਈ ਉਡਾਣ ਦਾ ਸਮਾਂ 3:20 ਵਜੇ ਦਾ ਹੈ। ਬਠਿੰਡਾ ਖ਼ਿੱਤੇ ਦੇ ਲੋਕਾਂ ਨੂੰ ਇਸ ਦਾ ਵੱਡਾ ਲਾਹਾ ਮਿਲੇਗਾ। ਬਠਿੰਡਾ ਹਵਾਈ ਅੱਡੇ ਦੇ ਟਰਮੀਨਲ ਮੈਨੇਜਰ ਸਚਿਨ ਕੁਮਾਰ ਦਾ ਕਹਿਣਾ ਸੀ ਕਿ ਹੁਣ ਬਠਿੰਡਾ ਤੋਂ ਹਵਾਈ ਰਸਤੇ ਯਾਤਰੀ ਕੁਨੈਕਟਿਡ ਉਡਾਣ ਜ਼ਰੀਏ ਵਾਇਆ ਦਿੱਲੀ- ਨਾਂਦੇੜ ਜਾਣ ਲਈ ਇੱਕ ਟਿਕਟ ਦੀ ਸਹੂਲਤ ਵੀ ਹੋਵੇਗੀ।

ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ 50 ਸਿੱਖ ਸ਼ਖਸ਼ੀਅਤਾਂ ਦੀ ਕਿਤਾਬ ਰਿਲੀਜ਼ ਕੀਤੀ

ਸੁਲਤਾਨਪੁਰ ਲੋਧੀ,
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਤਾਬ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ 'ਪ੍ਰੋਮੀਨੈਂਟ ਸਿੱਖ ਆਫ਼ ਇੰਡੀਆ' ਰਿਲੀਜ਼ ਕੀਤੀ ਗਈ। ਇਹ ਕਿਤਾਬ ਡਾ: ਪ੍ਰਭਲੀਨ ਸਿੰਘ  ਨੇ ਲਿਖੀ ਹੈ ਜਿਸ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪ੍ਰਕਾਸ਼ਿਤ ਕੀਤਾ ਹੈ। ਅੰਗਰੇਜ਼ੀ ਵਿੱਚ ਲਿਖੀ ਇਹ ਕਿਤਾਬ ਨੂੰ ਰਿਲੀਜ਼ ਕਰਨ ਲਈ ਉਪ ਰਾਸ਼ਟਰਪਤੀ ਹਾਊਸ ਦੇ ਸਰਦਾਰ ਵੱਲਭਭਾਈ ਪਟੇਲ ਕਾਨਫਰੰਸ ਹਾਲ 'ਚ ਸਮਾਗਮ ਰੱਖਿਆ ਗਿਆ ਸੀ।
ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਇਸ ਕਿਤਾਬ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਲ 2019 ਵਿੱਚ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ ਇਹ ਕਿਤਾਬ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਹੋਵੇਗੀ।ਸਿੱਖ ਭਾਈਚਾਰੇ ਨੇ ਹਮੇਸ਼ਾ ਹੀ ਦੇਸ਼ ਦੀ ਅਜ਼ਾਦੀ ਅਤੇ ਵਿਕਾਸ ਕਾਰਜ਼ਾਂ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਰੀਬਾਂ ਤੇ ਨਿਤਾਣਿਆਂ ਦੀ ਭਲਾਈ ਦਾ ਹੋਕਾ ਦਿੱਤਾ।ਸਿੱਖ ਧਰਮ ਦਾ ਸਿਧਾਂਤ ਕਿਰਤ ਕਰਨੀ, ਨਾਮ ਜੱਪਣਾ ਤੇ ਵੰਡਣ ਛੱਕਣਾ ਹੈ।ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਆਪਣੀ ਮਾਤ ਭਾਸ਼ਾ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ।ਦੇਸ਼ ਦੀਆਂ ਨਾਮਵਰ ਸ਼ਖਸ਼ੀਅਤਾਂ ਦਾ ਜ਼ਿਕਰ ਕਰਦਿਆ ਉਨ੍ਹਾ ਕਿਹਾ ਕਿ ਮਾਤ ਭਾਸ਼ਾ ਵਿੱਚ ਹੀ ਵਿਦਿਆ ਹਾਸਲ ਕਰਕੇ ਉਚ ਅਹੁਦੇ ਪ੍ਰਾਪਤ ਕੀਤੇ ਸਨ ਜਿੰਨ੍ਹਾਂ ਵਿੱਚ ਏ.ਪੀ.ਜੇ ਅਬਦੁਲ ਕਲਾਮ ਸਮੇਤ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾਂ ਸ਼ਾਮਿਲ ਹਨ।
ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖਸ਼ੀਅਤਾਂ ਦੇ ਕਾਰਜਾਂ ਬਾਰੇ ਉਚੇਚੇ ਤੌਰ 'ਤੇ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਵਿੱਚ ਪੰਜਾਬ ਦੀਆਂ ਦੋ ਧਾਰਮਿਕ ਸ਼ਖਸ਼ੀਅਤਾਂ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸੰਤ ਸੇਵਾ ਸਿੰਘ ਬਾਰੇ ਖੂਬਸੂਰਤ ਢੰਗ ਨਾਲ ਲਿਖਿਆ ਹੈ ਜਿੰਨ੍ਹਾਂ ਵੱਲੋਂ ਵਾਤਾਵਰਣ ਪੱਖ ਤੋਂ ਪ੍ਰੇਰਨਾਦਾਇਕ ਕਾਰਜ ਕੀਤੇ ਹਨ। ਉਨ੍ਹਾਂ ਦਸਿਆ ਕਿ ਸੰਤ ਸੀਚੇਵਾਲ ਨੇ ਪ੍ਰਦੂਸ਼ਿਤ 
ਹੋ ਚੁੱਕੀ 160 ਕਿਲੋਮੀਟਰ ਲੰਬੀ ਨਦੀਂ ਨੂੰ ਸਾਫ਼ ਕੀਤਾ ਹੈ ਤੇ ਇਹ ਨਦੀ ਬਾਬੇ ਨਾਨਕ ਦੇ ਇਤਿਹਾਸ ਨਾਲ ਜੁੜੀ ਹੋਈ ਹੈ।ਸੰਤ ਸੇਵਾ ਸਿੰਘ ਨੇ ਵੱਡੀ ਪੱਧਰ 'ਤੇ ਰੁੱਖ ਲਾ ਕੇ ਵਾਤਾਵਰਣ ਨੂੰ ਸੁਧਾਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਜਸਪਾਲ ਸਿੰਘ ਨੇ ਵੀ ਆਪਣੇ ਸੰਬੋਧਨ ਵਿੱਚ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਇਸ ਮੌਕੇ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ  ਸਿੰਘ ਜੀ.ਕੇ, ਰਣਧੀਰ ਸਿੰਘ, ਐਸ.ਪੀ ਸਿੰਘ ਉਬਰਾਏ, ਸੁਰਜੀਤ ਸਿੰਘ ਸ਼ੰਟੀ, ਅਮਰੀਕ ਸਿੰਘ ਸੰਧੂ ਸਮੇਤ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾਂ ਹਾਜ਼ਰ ਸਨ।

ਡੀਜੀਟਲ ਤਰੀਕੇ ਨਾਲ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਜਾਗਰੂਕ ਕਰੇਗੀ ਸਰਕਾਰ

ਪਰਾਲੀ ਦੇ ਨਿਪਟਾਰੇ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਸਲਾਂ ਦੀ ਰਹਿੰਦ-ਖਹੁੰਦ ਨੂੰ ਸਾੜੇ ਜਾਣ ਤੋਂ ਰੋਕਣ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਤਿੰਨ ਮੋਬਾਈਲ ਐਪ ਜਾਰੀ ਕੀਤੇ ਹਨ। ਵੱਖ ਵੱਖ ਸਬੰਧਤ ਏਜੰਸੀਆਂ ਅਤੇ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਬਣਾਏ ਜਾਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਸਾਰੇ ਪੱਧਰਾਂ 'ਤੇ ਸਥਿਤੀ 'ਤੇ ਸਖਤ ਨਿਗਰਾਨੀ ਰੱਖਣ ਦਾ ਸੱਦਾ ਦਿੱਤਾ ਹੈ, ਪਰਾਲੀ ਸਾੜਨ ਵਿਰੁੱਧ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਪ੍ਰੇਰਿਤ ਕਰਨ ਦੀ ਵੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ।
ਪਰਾਲੀ ਸਾੜਨ ਨਾਲ ਮਨੁੱਖੀ ਸਿਹਤ, ਵਾਤਾਵਰਣ ਅਤੇ ਭੌਂ ਨੂੰ ਹੋਣ ਵਾਲੇ ਨੁਕਸਾਨ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੱਮਸਿਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਵਿੱਚ ਤੇਜ਼ੀ ਲਿਆਉਣ ਵਾਸਤੇ ਖੇਤੀਬਾੜੀ ਵਿਭਾਗ ਨੂੰ ਸਾਇੰਸ, ਤਕਨੌਲੋਜੀ ਅਤੇ ਵਾਤਾਵਰਣ ਵਿਭਾਗ ਨਾਲ ਮਿਲ ਕੇ ਕਾਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਸਬਸਿਡੀ ਦੇ ਰਾਹੀਂ ਸਹਿਕਾਰੀ ਸੋਸਾਇਟੀਆਂ ਅਤੇ ਕਸਟਮ ਹਾਇਰ ਸੈਂਟਰਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਖੇਤੀਬਾੜੀ ਦੇ ਸਾਜੋ-ਸਮਾਨ ਅਤੇ ਮਸ਼ੀਨਰੀ ਦੀ ਵਧ ਤੋ ਵਧ ਵਰਤੋਂ ਕੀਤੇ ਜਾਣ ਵਾਸਤੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ ਤਾਂ ਜੋ ਪਰਾਲੀ ਦਾ ਵਧੀਆ ਤਰੀਕੇ ਨਾਲ ਪ੍ਰਬੰਧਨ ਹੋ ਸਕੇ ਕਿਉਂਕਿ ਫਸਲਾਂ ਦੀ ਰਹਿੰਦ-ਖੁਹੰਦ ਦੇ ਨਿਪਟਾਰੇ ਲਈ ਇਹੋ ਹੀ ਇਕ ਵਿਗਿਆਨਕ ਹੱਲ ਹੈ।

ਮਾਝੇ ਦੇ ਅਕਾਲੀ ਆਗੂ ਰਹੇ ਰੈਲੀ ਤੋਂ ਦੂਰ

ਮਾਝੇ ਦੇ ਸੀਨੀਅਰ ਅਕਾਲੀ ਆਗੂ ਪਟਿਆਲਾ ਰੈਲੀ ਤੋਂ ਦੂਰ ਰਹੇ । ਨਾਰਾਜ਼ ਅਕਾਲੀ ਆਗੂਆਂ ਵਿਚ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਸੰਸਦ ਮੈਂਬਰ ਡਾ। ਰਤਨ ਸਿੰਘ ਅਜਨਾਲਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ, ਅਮਰਪਾਲ ਸਿੰਘ ਬੋਨੀ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਆਦਿ ਸ਼ਾਮਲ ਹਨ। ਸੇਖਵਾਂ ਨੇ ਆਖਿਆ ਕਿ ਉਨ੍ਹਾਂ ਰੈਲੀ ਦਾ ਬਾਈਕਾਟ ਨਹੀਂ ਕੀਤਾ ਸਗੋਂ ਆਪਣੀ ਨਾਰਾਜ਼ਗੀ ਕਾਰਨ ਰੈਲੀ ਵਿਚ ਨਹੀਂ ਗਏ ਹਨ। ਸੇਖਵਾਂ ਨੇ ਆਖਿਆ ਕਿ ਮੁੜ ਜਲਦੀ ਹੀ ਇਕ ਮੀਟਿੰਗ ਸੱਦੀ ਜਾਵੇਗੀ ਤਾਂ ਜੋ ਪਹਿਲੀ ਮੀਟਿੰਗ ਮਗਰੋਂ ਪੈਦਾ ਹੋਈ ਮੌਜੂਦਾ ਸਥਿਤੀ ਬਾਰੇ ਵਿਚਾਰ ਚਰਚਾ ਕੀਤੀ ਜਾ ਸਕੇ। ਰਤਨ ਸਿੰਘ ਅਜਨਾਲਾ ਆਖਿਆ ਕਿ ਉਹ ਰੀੜ੍ਹ ਦੀ ਹੱਡੀ ਵਿੱਚ ਤਕਲੀਫ਼ ਤੋਂ ਪੀੜਤ ਹਨ ਅਤੇ ਡਾਕਟਰਾਂ ਵਲੋਂ ਆਵਾਜਾਈ ਲਈ ਮਨ੍ਹਾਂ ਕੀਤਾ ਹੋਇਆ ਹੈ।

ਕੈਪਟਨ ਸਰਕਾਰ ਦਾ ਪੰਜਾਬ ਦੇ ਅਧਿਆਪਕਾਂ ਨੂੰ ਤੋਹਫਾ : 8 ਹਜਾਰ ਤੋਂ ਵੱਧ ਨੂੰ ਕੀਤਾ ਪੱਕਾ

ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾ ਰਹੇ ਸਰਵ ਸਿੱਖਿਆ ਅਭਿਆਨ, ਰਾਸ਼ਟ੍ਰੀਆ ਮਾਧਿਆਮਿਕ ਸ਼ਿਕਸ਼ਾ ਅਭਿਆਨ ਸਮੇਤ ਆਦਰਸ਼ ਤੇ ਮਾਡਲ ਸਕੂਲਾਂ ਦੇ ਕੁੱਲ 8,886 ਅਧਿਆਪਕਾਂ ਨੂੰ ਕੈਪਟਨ ਸਰਕਾਰ ਪੱਕਾ ਕਰਨ ਜਾ ਰਹੀ ਹੈ। ਇਸ ਸਬੰਧੀ ਬੀਤੀ 30 ਅਗਸਤ ਨੂੰ ਹੋਈ ਕੈਬਨਿਟ ਬੈਠਕ ਵਿੱਚ ਵਿਚਾਰ ਕੀਤੀ ਗਈ ਸੀ, ਪਰ ਉਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਚੋਣ ਜ਼ਾਬਤੇ ਕਰਕੇ ਸਰਕਾਰ ਨੇ ਇਸ ਨੂੰ ਟਾਲ਼ ਦਿੱਤਾ ਸੀ।

ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਅਕਾਲੀਆ ਤੇ ਕਾਂਗਰਸੀਆਂ ਦਰਮਿਆਨ ਹੋਈ ਝੜਪ ਤੋਂ ਮਗਰੋਂ ਜੇਲ੍ਹ ਭੇਜੇ ਡਿੰਪੀ ਢਿੱਲੋਂ ਜਮਾਨਤ ਤੇ ਰਿਹਾਅ

ਸ੍ਰੀ ਮੁਕਤਸਰ ਸਾਹਿਤ ਤੋਂ ਅਕਾਲੀ ਦਲ (ਬਾਦਲ) ਦੇ ਆਗੂ ਤੇ ਬਾਦਲ ਪਰਿਵਾਰ ਦੇ ਕਰੀਬੀ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਜੇਲ ਤੋਂ ਬਾਹਰ ਆਉਂਦੇ ਹੀ ਕਾਂਗਰਸ ਨੂੰ ਲਲਕਾਰਿਆ ਹੈ । ਅਕਾਲੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਿੰਪੀ ਢਿੱਲੋਂ ਨੇ ਕਿਹਾ ਕਿ ਹੁਣ ਉਹ ਜੇਲ ਤੋਂ ਨਹੀਂ ਡਰਦੇ। ਢਿੱਲੋਂ ਨੇ ਕਿਹਾ ਕਿ ਉਹ ਕਾਂਗਰਸ ਦੇ ਜ਼ੁਲਮਾਂ ਅੱਗੇ ਨਹੀਂ ਝੁਕਣਗੇ। ਉਨ੍ਹਾਂ ਕਿਹਾ ਕਿ ਜੇਲ ਵਿਚ ਕਾਂਗਰਸ ਦੀ ਸ਼ਹਿ 'ਤੇ ਉਨ੍ਹਾਂ ਨੂੰ ਵਰਕਰਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਪਰ ਬਾਵਜੂਦ ਇਸ ਦੇ ਉਨ੍ਹਾਂ ਦੇ ਹੌਂਸਲੇ ਘੱਟ ਨਹੀਂ ਹੋਣਗੇ।  
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਗਿਲਜੇਵਾਲਾ ਵਿਖੇ ਅਕਾਲੀ ਦਲ ਅਤੇ ਕਾਂਗਰਸੀਆਂ ਦਰਮਿਆਨ ਹੋਈ ਝੜਪ ਤੋਂ ਬਾਅਦ ਪੁਲਸ ਨੇ ਡਿੰਪੀ ਢਿੱਲੋਂ, ਉਨ੍ਹਾਂ ਦੇ ਭਰਾ ਸੰਨੀ ਢਿੱਲੋਂ ਅਤੇ ਪੀਏ ਜਗਤਾਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਅਦਾਲਤ ਨੇ ਉਕਤ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿਤਾ ਸੀ।
 

ਕਾਂਗਰਸ ਆਗੂ ਤੇ ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਆਪਣੇ ਪਿੰਡ ਵਿੱਚੋਂ ਕਾਂਗਰਸ ਦਾ ਉਮੀਦਵਾਰ ਜਿਤਾਉਣ ‘ਚ ਰਹੇ ਅਸਫਲ

ਬਠਿੰਡਾ - ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਤੋਂ ਬਾਅਦ ਅੱਜ ਨੀਤਜੇ ਐਲਾਨੇ ਜਾ ਰਹੇ ਹਨ। ਨਤੀਜਿਆਂ ਵਿੱਚ ਜਿੱਥੇ ਕਾਂਗਰਸ ਜਿਆਦਾਤਰ ਸੀਟਾਂ ਜਿੱਤ ਰਹੀ ਹੈ ਉਥੇ ਜਿਲ੍ਹਾ ਬਠਿੰਡਾ ਦੇ ਪਿੰਡ ਤੇ ਬਲਾਕ ਸੰਮਤੀ ਜੋਨ ਪੂਹਲਾ ਜੋ ਕਿ ਕਾਂਗਰਸ ਆਗੂ ਤੇ ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਿਕਰਮਜੀਤ ਸਿੰਘ ਬਿੱਕਾ ਦਾ ਆਪਣਾ ਜੱਦੀ ਪਿੰਡ ਹੈ ਵਿੱਚੋਂ ਅਕਾਲੀ ਦਲ ਬਾਜੀ ਮਾਰ ਗਿਆ ਹੈ । ਅਕਾਲੀ ਦਲ ਦੇ ਉਮੀਦਵਾਰ ਇੰਦਰਜੀਤ ਸਿੰਘ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਤਾਰ ਸਿੰਘ ਨੂੰ 621ਵੋਟਾਂ ਨਾਲ ਹਰਾਇਆ ਹੈ ਕਿਸੇ ਸਮੇਂ ਕੈਪਟਨ ਅਮਰਿੰਦਰ ਦੇ ਕਰੀਬੀ ਕਹੇ ਜਾਂਦੇ ਬਿੱਕਾ ਵੀ ਆਪਣੇ ਪਿੰਡ ਵਿੱਚੋਂ ਕਾਂਗਰਸ ਦਾ ਉਮੀਦਵਾਰ ਜਿਤਾਉਣ ‘ਚ ਨਾਕਾਮ ਰਹੇ ਹਨ।

ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਲਈ ਕਪੂਰਥਲੇ ਤੋਂ 27 ਕਿਲੋਮੀਟਰ ਲੰਬੇ ਬੇਬੇ ਨਾਨਕੀ ਮਾਰਗ ਦੀ ਸਫ਼ਾਈ ਅਤੇ ਸੁੰਦਰਤਾ ਦਾ ਕੰਮ ਸ਼ੁਰੂ

ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਹੋਰ ਧਾਰਮਿਕ ਸ਼ਖਸ਼ੀਅਤਾਂ ਨੇ ਲਿਆ ਹਿੱਸਾ

ਸੁਲਤਾਨਪੁਰ ਲੋਧੀ- ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆ ਰਹੇ 550 ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਨੂੰ ਜਾਂਦਾ 27 ਕਿਲੋਮੀਟਰ ਲੰਮੇ ਬੇਬੇ ਨਾਨਕੀ ਮਾਰਗ ਦੀ ਸਫ਼ਾਈ ਤੇ ਸੁੰਦਰਤਾ ਦੇ ਕੰਮ ਦੀ ਸ਼ੁਰੂਆਤ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ ਕੀਤੀ ਗਈ।
ਪੰਜਾਬ ਵਿੱਚ ਸ੍ਰੀ ਗੁਰੁ ਨਾਨਕ ਸਾਹਿਬ ਜੀ ਦੀ ਭੈਣ ਨਾਨਕੀ ਦੇ ਨਾਂਅ 'ਤੇ ਸਿਰਫ਼ ਇੱਕੋ ਹੀ ਮਾਰਗ ਹੈ ਜਿਹੜਾ ਕਿ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਤੱਕ ਜਾਂਦਾ ਹੈ ਜਿਸ ਦੀ ਲੰਬਾਈ ਕਰੀਬ 27 ਕਿਲੋਮੀਟਰ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਬੇਬੇ ਨਾਨਕੀ ਮਾਰਗ ਨੂੰ ਸੰਗਤਾਂ ਦੇ ਸਹਿਯੋਗ ਨਾਲ  ਸਵਾਰਿਆ 'ਤੇ ਸ਼ਿੰਗਾਰਿਆ ਜਾਵੇਗਾ ਜੋ ਆਪਣੇ ਆਪ ਵਿੱਚ ਇੱਕ ਮਿਸਾਲ ਹੋਵੇਗਾ। ਸੰਤ ਸੀਚੇਵਾਲ ਦੀ ਅਗਵਾਈ ਹੇਠ ਚੱਲ ਰਹੀ ਇਸ ਕਾਰ ਸੇਵਾ ਵਿੱਚ ਟਰੈਕਟਰ ਟਰਾਲੀਆਂ ਅਤੇ ਜੇ।ਸੀ।ਬੀ ਮਸ਼ੀਨ ਦੇ ਇਲਾਵਾ ਸੇਵਾਦਾਰਾਂ ਨੇ ਸੜਕ ਦੇ ਦੋਵੇਂ ਪਾਸਿਆਂ ਤੋਂ ਖਿਲਰਿਆ ਕੂੜੇ ਕਰਕਟ ਨੂੰ ਚੁਕਿਆ ਅਤੇ ਸੜਕਾਂ ਦੀਆਂ ਸਾਇਡਾਂ 'ਤੇ ਜੰਮੀ ਹੋਈ ਮਿੱਟੀ ਨੂੰ ਪੁਟ ਕੇ ਨੀਵਿਆਂ ਥਾਵਾਂ 'ਤੇ ਪਾਇਆ ਗਿਆ। ਜਿਹੜੇ ਦਰਖਤਾਂ ਦੀਆਂ ਟਹਾਣੀਆਂ ਆਉਂਦਿਆਂ ਜਾਂਦਿਆ ਲੋਕਾਂ ਦੇ ਸਿਰਾਂ ਤੇ ਮੂੰਹਾਂ 'ਤੇ ਵੱਜਦੀਆਂ ਸਨ ਉਨ੍ਹਾਂ ਦੀ ਕਟਾਈ ਕੀਤੀ ਗਈ। ਇਸ ਮੌਕੇ ਬੇਬੇ ਨਾਨਕੀ ਮਾਰਗ ਨੂੰ ਹਰਿਆ-ਭਰਿਆ ਬਣਾਉਂਣ ਲਈ ਨਵੇਂ ਫਲਦਾਰ ਤੇ ਛਾਂਅਦਾਰ ਬੂਟਿਆਂ ਸਮੇਤ ਮਹਿਕਣ ਵਾਲੇ ਬੂਟੇ ਵੀ ਲਾਏ ਗਏ।
ਸੰਤ ਸੀਚੇਵਾਲ ਨੇ ਦਸਿਆ ਕਿ ਬੇਬੇ ਨਾਨਕੀ ਮਾਰਗ 'ਤੇ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਸਫਾਈ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਬਾਬੇ ਨਾਨਕ ਦੇ ਅਸਲ ਫਲਸਫੇ ਦਾ ਪ੍ਰਚਾਰ ਸਹੀ ਢੰਗ ਨਾਲ ਨਹੀਂ ਕੀਤਾ ਗਿਆ। ਹਵਾ, ਪਾਣੀ ਤੇ ਧਰਤੀ ਨੂੰ ਪਲੀਤ ਕਰਕੇ ਸਰਬਤ ਦੇ ਭਲੇ ਦੇ ਸੰਕਲਪ ਨੂੰ ਕਦੇ ਵੀ ਪੂਰਿਆ ਨਹੀਂ ਕੀਤਾ ਜਾ ਸਕਦਾ। 

ਕੇਂਦਰੀ ਮੰਤਰੀ ਵੱਲੋਂ ਲਗਾ ਦਿੱਤਾ ਗਿਆ ਬਠਿੰਡਾ ਵਿਚਲੇ ਏਮਜ਼ ਦੀ ਉਸਾਰੀ ਲਈ ਟੱਕ

ਮਾਲਵੇ ਲਈ ਬਾਦਲਾਂ ਦਾ ਸੁਪਨਾਮਈ ਪ੍ਰੋਜੈਕਟ ਬਠਿੰਡਾ ਵਿਚਲਾ ਏਮਜ਼ ਹਸਪਤਾਲ ਦੀ ਉਸਾਰੀ ਲਈ ਕੇ਼ਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਟੱਕ ਲਗਾ ਦਿੱਤਾ ਹੈ। ਇਸ ਦੌਰਾਨ ਸੂਬਾ ਸਰਕਾਰ ਦੇ ਪ੍ਰਤੀਨਿਧ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਗ਼ੈਰ ਹਾਜ਼ਰ ਸਨ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਨਜ਼ੂਰੀਆਂ ਨਾ ਦੇਣ ਕਾਰਨ 'ਏਮਜ਼' ਦੀ ਉਸਾਰੀ ਲੇਟ ਹੋਈ ਹੈ।
925 ਕਰੋੜ ਰੁਪਏ ਨਾਲ 750 ਬੈੱਡ ਵਾਲੇ ਏਮਜ਼ ਹਸਪਤਾਲ ਦਾ ਨਿਰਮਾਣ ਹੋਵੇਗਾ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਨਵੰਬਰ 2016 ਨੂੰ ਇਸਦਾ ਨੀਂਹ ਪੱਥਰ ਰੱਖਿਆ ਅਤੇ 4 ਸਾਲ ਵਿਚ ਇਸ ਕੰਮ ਨੂੰ ਪੂਰਾ ਕਰਨ ਦਾ ਹੁਕਮ ਜਾਰੀ ਕੀਤਾ ਸੀ । ਪਿਛਲੇ ਢੇਡ ਸਾਲ 'ਚ ਏਮਜ਼ ਦੇ ਨਿਰਮਾਣ ਕੰਮ ਵਿਚ ਕੋਈ ਵਾਧਾ ਨਹੀਂ ਹੋਇਆ, ਇਥੋਂ ਤੱਕ ਕਿ ਏਮਜ਼ ਦਾ ਨਕਸ਼ਾ ਵੀ ਨਗਰ ਨਿਗਮ ਨੇ ਢੇਡ ਸਾਲ ਬਾਅਦ ਪਾਸ ਕੀਤਾ।
ਜੂਨ 2020 ਤੱਕ ਇਸ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
 

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਰਿਫ਼ਾਰਸ਼ਾਂ ਤੇ ਵਿਚਾਰ ਕਰਨ ਲਈ ਵਿਧਾਨ ਸਭਾ ਦੀ ਸੱਦੀ ਜਾਵੇ ਵਿਸ਼ੇਸ਼ ਬੈਠਕ।

ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਅੱਜ ਇੱਕ ਬਿਆਨ ਰਾਹੀਂ ਜਸਟਿਸ ਸ੍ਰੀ ਰਣਜੀਤ ਸਿੰਘ ਜੀ ਵੱਲੋਂ ਜਾਰੀ ਕੀਤੀ ਰਿਪੋਰਟ ਤੇ ਬਹਿਸ ਅਤੇ ਲੋੜੀਂਦੇ ਫੈਸਲੇ ਲੈਣ ਲਈ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਮੰਗ ਕੀਤੀ ਤਾਂ ਜੋ ਇਸ ਘਿਨੋਣੇ ਕਾਂਡ ਦੇ ਦੋਸ਼ੀਆਂ ਅਤੇ ਸ਼ਾਂਤੀਪੂਰਵਕ ਰੋਸ ਪ੍ਰਗਟ ਕਰ ਰਹੀਆਂ ਸਿੱਖ ਸੰਗਤਾਂ ਤੇ ਗੋਲੀ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਦੋਸ਼ੀ ਪੁਲਸ ਅਫ਼ਸਰਾਂ ਵਿਰੁੱਧ ਵੀ, ਸਖਤ ਕਾਰਵਾਈ ਕਰਨ ਬਾਰੇ ਫੈਸਲਾ ਕੀਤਾ ਜਾ ਸਕੇ।

  ਇੱਥੇ ਵਰਣਨਯੋਗ ਹੈ ਕਿ ਅੱਜ ਤੋਂ ਕਰੀਬ ਤਿੰਨ ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਇਕ ਤਾਕਤਵਰ ਲੋਕ ਰੋਹ ਨੇ ਜਨਮ ਲਿਆ ਸੀ ਜੋ ਅਕਾਲੀ-ਭਾਜਪਾ ਸਰਕਾਰ ਦੀ ਢਿੱਲ-ਮੁਠ ਤੇ ਨਾ ਅਹਿਲੀਅਤ ਸਦਕਾ ਕਿਸੇ ਨਾ ਕਿਸੇ ਰੂਪ ਵਿਚ ਅਜ੍ਹੇ ਤੱਕ ਜਾਰੀ ਹੈ।ਕੈਪਟਨ ਸਰਕਾਰ ਵੱਲੋਂ ਜਸਟਿਸ ਸ੍ਰੀ ਰਣਜੀਤ ਸਿੰਘ ਦੀ ਅਗਵਾਈ ਵਿਚ ਬਣਾਈ ਕਮੇਟੀ ਵੱਲੋਂ, ਸਿੱਖ ਧਰਮ ਦੇ ਪੈਰੋਕਾਰਾਂ ਦੇ ਹਿਰਦੇ ਵਲੂੰਧਰਣ ਵਾਲੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਅਤੇ ਰੋਸ ਪ੍ਰਗਟ ਕਰ ਰਹੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਪੁਲਸ ਅਫ਼ਸਰਾਂ ਦੀ ਨਿਸ਼ਾਨਦੇਹੀ ਦੇ ਬਾਵਜੂਦ, ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕਰਕੇ ਕੈਪਟਨ ਸਰਕਾਰ ਦੀ ਮਨਸਾ ਉੱਤੇ ਵੀ ਸਵਾਲ ਉਠਣੇ ਲਾਜ਼ਮੀ ਹਨ।
 ਡਾ. ਗਾਂਧੀ ਨੇ ਕਿਹਾ ਕਿ ਇਸ ਅਤਿਸੰਵੇਦਨਸ਼ੀਲ ਮਸਲੇ ਨੂੰ ਸਹੀ ਅੰਜ਼ਾਮ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ, ਇਹ ਰਿਪੋਰਟ ਲੋਕਾਂ ਦੀ ਕਚਿਹਰੀ ਵਿਚ ਰੱਖੇ ਅਤੇ ਗੇਂਦ ਸੀ.ਬੀ.ਆਈ. ਪਾਲੇ ਵਿਚ ਸੁੱਟਣ ਦੀ ਬਜਾਏ ਜਸਟਿਸ ਸ੍ਰੀ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧਾਰ ਤੇ ਦੋਸ਼ੀਆਂ ਨੂੰ ਫੋਰੀ ਗ੍ਰਿਫ਼ਤਾਰ ਕਰਕੇ ਬਣਦੀ ਸਜਾ ਦਿੱਤੀ ਜਾਵੇ।

ਪੰਜਾਬ ‘ਚ ਸਰਕਾਰ ਵੱਲੋਂ ਝੋਨਾ ਲਾਉਣ ਦੀ ਤਰੀਕ ਸਬੰਧੀ ਨੋਟੀਫ਼ਿਕੇਸ਼ਨ ਜਾਰੀ

ਪੰਜਾਬ ਸਰਕਾਰ ਵੱਲੋਂ ਝੋਨਾ ਲਾਉਣ ਦੀ ਤਰੀਕ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਪਨੀਰੀ ਬੀਜਣ ਦੀ ਤਰੀਕ 20 ਮਈ ਤੇ ਝੋਨਾ ਲਗਾਉਣ ਦੀ 20 ਜੂਨ ਤਹਿ ਕੀਤੀ ਹੈ।

ਪਿੰਡ ਭੋਏ ਵਾਲ ਵਾਸੀ ਮਨਜਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਸੰਸਕਾਰ।

ਭਾਰਤੀ ਕਾਮਿਆਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਅਤੇ ਹਰ ਪਰਿਵਾਰ ਨੂੰ ਇਕ ਕਰੋੜ ਰੁਪੈ ਮੁਆਵਜ਼ਾ ਦੇਵੇ ਸਰਕਾਰ : ਮਜੀਠੀਆ

ਮੱਤੇਵਾਲ 2 ਅਪ੍ਰੈਲ - ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਇਰਾਕ ਵਿਖੇ ਆਈ ਐੱਸ ਆਈ ਐੱਸ ਵੱਲੋਂ ਮਾਰੇ ਗਏ 38 ਭਾਰਤੀ ਕਾਮਿਆਂ ਦੇ ਪਰਿਵਾਰਕ ਵਾਰਸਾਂ ਲਈ ਪਾਕਿਸਤਾਨ 'ਚ ਮਾਰੇ ਗਏ ਭਿੱਖੀਵਿੰਡ ਵਾਸੀ ਸਰਬਜੀਤ ਸਿੰਘ ਦੇ ਪਰਿਵਾਰ ਨੂੰ ਦਿਤੈ ਗਏ ਮੁਆਵਜ਼ੇ ਦੀ ਤਰਜ਼ 'ਤੇ ਸਪੈਸ਼ਲ ਕੇਸ ਵਜੋਂ ਢੁਕਵੀਂ ਤੇ ਚੰਗੇ ਰੁਤਬੇ ਵਾਲੀ ਸਰਕਾਰੀ ਨੌਕਰੀ ਅਤੇ ਹਰ ਪਰਿਵਾਰ ਨੂੰ ਇਕ ਕਰੋੜ ਰੁਪੈ ਮੁਆਵਜ਼ਾ ਦੇਣ ਦੀ ਸਰਕਾਰ ਤੋਂ ਮੰਗ ਕੀਤੀ ਹੈ। ਇਰਾਕ 'ਚ ਮਾਰੇ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੋਏ ਵਾਲ ਵਾਸੀ ਮਨਜਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸੰਸਕਾਰ ਕਰਦਿਆਂ ਨਮ ਅਖਾਂ ਨਾਲ ਅੰਤਿਮ ਵਿਦਾਈ ਦਿਤੀ ਗਈ। ਇਸ ਮੌਕੇ ਨੇ ਮ੍ਰਿਤਕ ਪਰਿਵਾਰ ਨਾਲ ਦੁਖ ਸਾਂਝਾ ਕਰਦਿਆਂ ਸ: ਮਜੀਠੀਆ ਨੇ ਇਸ ਨੂੰ ਪਰਿਵਾਰਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿਤਾ। ਉਨ੍ਹਾਂ ਦਸਿਆ ਕਿ ਉਕਤ ਮੁੱਦੇ ਨੂੰ ਅਕਾਲੀ ਦਲ ਵੱਲੋਂ 2014 ਦੌਰਾਨ ਘਟਨਾ ਦੇ ਤੁਰੰਤ ਬਾਅਦ ਪਹਿਲ ਦੇ ਅਧਾਰ 'ਤੇ ਉਠਾਇਆ ਗਿਆ। ਪੀੜਤ ਪਰਿਵਾਰਾਂ ਨੂੰ ਬਾਦਲ ਸਰਕਾਰ ਵਲੋਂ 20 ਹਜਾਰ ਮਹੀਨਾ ਤੋਂ ਇਲਾਵਾ ਦਿਲੀ ਕਮੇਟੀ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਰਾਹੀਂ ਹਰ ਸੰਭਵ ਮਾਲੀ ਮਦਦ ਦਿਤੀ ਗਈ। ਉਨ੍ਹਾਂ ਮ੍ਰਿਤਕ ਮਨਜਿੰਦਰ ਸਿੰਘ ਦੀ ਭੈਣ ਬੀਬਾ ਗੁਰਪਿੰਦਰ ਕੌਰ ਵੱਲੋਂ ਨਿਭਾਏ ਗਏ ਰੋਲ ਅਤੇ ਮਿਹਨਤ ਨੂੰ ਸਲਾਹਿਆ। ਉਹਨਾਂ ਪੀੜਤ ਪਰਿਵਾਰਾਂ ਵਲੋਂ 4 ਸਾਲ ਹੰਢਾਈ ਗਈ ਅਸਹਿ ਪੀੜਾ ਦੇ ਮੁਕਾਬਲੇ  ਪੰਜਾਬ ਸਰਕਾਰ ਵਲੋਂ ਐਲਾਨੀ ਮੁਆਵਜਾ ਰਾਸ਼ੀ ਨੂੰ ਨਾਕਾਫੀ ਦਸਦਿਆਂ ਪੀੜਤ ਪਰਿਵਾਰਾਂ ਨੁੰ  ਸੰਤੁਸ਼ਟ ਕਰਨ ਨਹੀ ਕਿਹਾ।
 

Copyright © 2012 Calgary Indians All rights reserved. Terms & Conditions Privacy Policy