ਨਿਊਯਾਰਕ— ਅਮਰੀਕਾ 'ਚ ਲੋਕ ਸੰਗੀਤ ਦੇ ਮਸ਼ਹੂਰ ਗਾਇਕ ਪੀਟ ਸੀਜਰ ਦਾ ਦੇਹਾਂਤ ਹੋ ਗਿਆ ਹੈ। ਉਹ 94 ਸਾਲਾਂ ਦੇ ਸਨ। ਖਬਰਾਂ ਅਨੁਸਾਰ ਸੀਜਰ ਦੇ ਪੋਤਰੇ ਕਿਟਾਮਾ ਕਾਹਿਲ ਨੇ ਦੱਸਿਆ ਕਿ 27 ਜਨਵਰੀ ਨੂੰ ਸੀਜਰ ਦਾ ਦੇਹਾਂਤ ਹੋ ਗਿਆ।
ਜ਼ਿਕਰਯੋਗ ਹੈ ਕਿ ਸੀਜਰ ਦਾ 8 ਦਹਾਕਿਆਂ ਦਾ ਲੰਬਾ ਕੈਰੀਅਰ 1940 ਦੇ ਦਹਾਕੇ 'ਚ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਆਪਣੇ ਸੰਗੀਤ 'ਚ ਜੰਗ ਅਤੇ ਘਰੇਲੂ ਜੰਗ ਵਿਰੋਧੀ ਵਿਚਾਰਾਂ ਦਾ ਖੁਬਸੂਰਤ ਮਿਸ਼ਰਣ ਕੀਤਾ ਸੀ। ਉਨ੍ਹਾਂ ਦੇ ਗੀਤ ਮਜ਼ਦੂਰ ਅੰਦੋਲਨ ਸਮੇਂ ਵੱਜਦੇ ਸਨ।
ਸਿਆਸੀ ਅਤੇ ਸੱਭਿਆਚਾਰ ਵਰਕਰਾਂ ਵਿਚਾਲੇ ਖਾਸ ਸਨਮਾਨ ਪਾਉਣ ਵਾਲੇ ਸੀਜਰ ਨੇ ਭਾਰਤ 'ਚ ਦੋ ਵਾਰੀ ਆਪਣੇ ਹੁਨਰ ਦਾ ਜਲਵਾ ਪੇਸ਼ ਕੀਤਾ। ਉਨ੍ਹਾਂ ਨੇ ਆਖਰੀ ਵਾਰੀ 1966 'ਚ ਕੋਲਕਾਤਾ ਅਤੇ ਦਿੱਲੀ 'ਚ ਆਪਣੇ ਪ੍ਰੋਗਰਾਮ ਪੇਸ਼ ਕੀਤੇ ਸਨ। ਦਿੱਲੀ 'ਚ 12 ਨਵੰਬਰ 1966 ਨੂੰ ਆਪਣੇ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਮਜ਼ਾਕ ਕੀਤਾ ਸੀ ਕਿ, ''ਮੈਂ ਤਾਹਡੀ ਕੋਈ ਵੀ ਫਰਮਾਇਸ਼ ਨਹੀਂ ਮੰਨਾਂਗਾ, ਕਿਉਂਕਿ ਮੈਂ ਕੁਝ ਹੀ ਗੀਤਾਂ ਦੀ ਤਿਆਰੀ ਕਰਕੇ ਆਇਆ ਹਾਂ।''