ਬੇਰੂਤ-ਸੀਰੀਆ 'ਚ ਚੱਲ ਰਹੇ ਸੰਘਰਸ਼ ਦੀ ਪਿੱਠ-ਭੂਮੀ 'ਚ ਦੇਸ਼ ਨੂੰ ਛੱਡ ਕੇ ਲੇਬਨਾਨ 'ਚ ਆਸਰਾ ਲੈਣ ਵਾਲੇ ਸੀਰੀਆਈ ਨਾਗਰਿਕਾਂ ਦੀ ਗਿਣਤੀ 8 ਲੱਖ 90 ਹਜ਼ਾਰ ਹੋ ਗਈ ਹੈ। ਸੰਯੁਕਤ ਰਾਸ਼ਟਰ ਸ਼ਰਣਾਰਥੀ ਪ੍ਰੀਸ਼ਦ ਦੇ ਅੰਕੜਿਆਂ ਦੇ ਮੁਤਾਬਕ ਪਿਛਲੇ ਹਫ਼ਤੇ ਕਰੀਬ 12 ਹਜ਼ਾਰ 99 ਸ਼ਰਣਾਰਥੀਆਂ ਨੇ ਲੇਬਨਾਨ 'ਚ ਸ਼ਰਨ ਲਈ ਹੈ।
ਪ੍ਰੀਸ਼ਦ ਦੇ ਹਾਈ ਕਮਿਸ਼ਨਰ ਅੰਟੋਰੀਨੋ ਗੁਟੇਰੇਸ ਨੇ ਦੱਸਿਆ ਕਿ ਲੇਬਨਾਨ ਦੇ ਵੱਖ-ਵੱਖ ਹਿੱਸਿਆ 'ਚ ਹੁਣ ਤੱਕ 8 ਲੱਖ 41 ਹਜ਼ਾਰ 941 ਸੀਰੀਆਈ ਨਾਗਰਿਕਾਂ ਨੇ ਸ਼ਰਣਾਰਥੀਆਂ ਦੇ ਰੂਪ 'ਚ ਆਪਣੀ ਰਜਿਸਟਰੀ ਕਰਵਾਈ ਜਦ ਕਿ 48 ਹਜ਼ਾਰ 194 ਸ਼ਰਣਾਰਥੀ ਹਾਲੇ ਵੀ ਰਜਿਸਟਰੀ ਲਈ ਉਡੀਕ 'ਚ ਬੈਠੇ ਹਨ। ਉਨ੍ਹਾਂ ਦੱਸਿਆ ਕਿ ਸੀਰੀਆ ਤੋਂ ਕੂਚ ਕਰਕੇ ਗੁਆਂਢੀ ਦੇਸ਼ਾਂ 'ਚ ਸ਼ਰਨ ਲੈਣ ਵਾਲਿਆਂ ਦੀ ਗਿਣਤੀ 10 ਲੱਖ ਤੱਕ ਪਹੁੰਚ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਦੂਜੇ ਪਾਸੇ ਲੇਬਨਾਨ ਨੇ ਦੇਸ਼ 'ਚ ਵੱਧਦੀ ਸ਼ਰਣਾਰਥੀਆਂ ਦੀ ਗਿਣਤੀ ਅਤੇ ਜ਼ਰੂਰੀ ਉਪਭੋਗਤ ਵਸਤੂਆਂ ਦੀ ਕਮੀ ਦੇ ਸੰਕਟ ਨੂੰ ਦੇਖਦੇ ਹੋਏ ਅੰਤਰ-ਰਾਸ਼ਟਰੀ ਭਾਈਚਾਰਿਆਂ ਤੋਂ ਦਾਨ ਅਤੇ ਸਹਿਯੋਗ ਦੀ ਅਪੀਲ ਕੀਤੀ ਹੈ।