ਮੁੰਬਈ-ਨੀਤੀਗਤ ਵਿਆਜ ਦਰ ਵਧਾ ਕੇ ਬਾਜ਼ਾਰ ਨੂੰ ਹੈਰਾਨ ਕਰ ਦੇਣ ਵਾਲੇ ਆਰ. ਬੀ. ਆਈ. ਦੇ ਗਵਰਨਰ ਰਘੁਰਾਮ ਰਾਜਨ ਨੇ ਨੀਤੀਗਤ ਦਰ ਵਧਾਉਣ ਦੇ ਫੈਸਲੇ ਦਾ ਪੱਖ ਲੈਂਦੇ ਹੋਏ ਕਿਹਾ ਕਿ ਇਸ 'ਚ ਕਟੌਤੀ ਨਾਲ ਨਾ ਤਾਂ ਬੈਂਕਾਂ ਨੂੰ ਅਤੇ ਨਾ ਹੀ ਬੈਂਕ ਤੋਂ ਕਰਜ਼ਾ ਲੈਣ ਵਾਲਿਆਂ ਨੂੰ ਫਾਇਦਾ ਹੁੰਦਾ।
ਉਨ੍ਹਾਂ ਨੇ ਕਿਹਾ ਕਿ ਲਗਾਤਾਰ ਆਰਥਿਕ ਵਾਧੇ ਦੇ ਲਈ ਜ਼ਰੂਰੀ ਹੈ ਕਿ ਪ੍ਰਚੂਨ ਮੁੱਲ ਹੇਠਾਂ ਰਹੇ। ਰਾਜਨ ਨੇ ਤਿਮਾਹੀ ਮੌਦ੍ਰਿਕ ਨੀਤੀ ਸਮੀਖਿਆ ਤੋਂ ਬਾਅਦ ਰਵਾਇਤੀ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਜੇਕਰ ਅਸੀਂ ਨੀਤੀਗਤ ਦਰਾਂ ਵਿਚ ਕਟੌਤੀ ਕਰਦੇ ਹਾਂ ਤਾਂ ਇਸ ਦਾ ਬੈਂਕਾਂ ਦੀ ਵਿਆਜ ਦਰ 'ਤੇ ਕੋਈ ਅਸਰ ਨਹੀਂ ਹੁੰਦਾ।
ਉਨ੍ਹਾਂ ਨੇ ਕਿਹਾ ਕਿ ਉਪਭੋਗਤਾ ਮੁੱਲ ਸੂਚਕ ਅੰਕ ਆਧਾਰਤ ਮੁਦਰਾਸਫਿਤੀ ਬਹੁਤ ਉੱਪਰ ਹੈ, ਸਾਨੂੰ ਇਸ ਨੂੰ ਹੇਠਾਂ ਲਿਆਉਣ ਦੀ ਜ਼ਰੂਰਤ ਹੈ ਅਤੇ ਸਾਨੂੰਂ ਨੀਤੀਗਤ ਵਿਆਜ ਦਰ ਵਿਚ ਵਾਧੇ ਦੇ ਨਾਲ ਸਾਲ ਦੇ ਅੰਤ ਤੱਕ ਅੱਠ ਫੀਸਦੀ ਮੁਦਰਾਸਫਿਤੀ ਦੇ ਟੀਚੇ ਤੱਕ ਪਹੁੰਚਣਾ ਚਾਹੀਦਾ ਹੈ। ਰਾਜਨ ਨੇ ਕਿਹਾ ਕਿ ਆਰਥਿਕ ਸੁਧਾਰ ਦੇ ਮਾਹੌਲ ਨੂੰ ਬਿਹਤਰ ਬਣਾਉਣ ਦੀ ਜ਼ਰੂਰਤ ਹੈ ਅਤੇ ਮੁਦਰਾਸਫਿਤੀ ਇਸ ਦਾ ਹਿੱਸਾ ਹੈ।