ਟੋਰਾਂਟੋ -ਉਨਟੈਰੀਓ ਪ੍ਰੋਵਿੰਸ਼ੀਅਲ ਪੁਲਸ ਦੀ ਰਿਪੋਰਟ ਮੁਤਾਬਕ ਉਨਟੈਰੀਓ ਸੂਬੇ 'ਚ ਸ਼ੁੱਕਰਵਾਰ ਤੋਂ ਐਤਵਾਰ ਤੱਕ 1600 ਹਾਦਸੇ ਵਾਪਰੇ ਹਨ। ਇਨ੍ਹਾਂ 'ਚ ਸੜਕਾਂ 'ਤੇ ਲੋਕਾਂ ਦੀ ਸਹਾਇਤਾ ਲਈ ਗਈਆਂ ਪੁਲਸ ਕਾਰਾਂ ਵੀ ਸ਼ਾਮਲ ਹਨ, ਜਿਨਾਂ ਵਿੱਚ ਪੁਲਸ ਅਫ਼ਸਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਇਨ੍ਹਾਂ ਹਾਦਸਿਆਂ ਦਾ ਮੁੱਖ ਕਾਰਨ ਇਸ ਵਰ੍ਹੇ ਸਰਦੀਆਂ ਦੇ ਮੌਸਮ ਵਿੱਚ ਪੈ ਰਹੀ ਕੜਾਕੇ ਦੀ ਠੰਡ ਹੈ, ਜਿਸ ਕਾਰਨ ਪੁਲਸ ਨੂੰ 60 ਤੋਂ ਵੱਧ ਸੜਕਾਂ ਅਤੇ ਹਾਈਵੇਜ਼ ਨੂੰ ਬੰਦ ਕਰਨਾ ਪਿਆ। ਐਤਵਾਰ ਵਾਲੇ ਦਿਨ ਇਕੱਲੇ ਟੋਰਾਂਟੋ 'ਚ ਮੌਸਮ ਮਨਫ਼ੀ 18 ਡਿਗਰੀ ਸੈਲਸੀਅਸ ਸੀ, ਜਿਹੜਾ ਬਰਫ਼ੀਲੀ ਹਵਾ ਨਾਲ ਮਨਫ਼ੀ 25 ਡਿਗਰੀ ਸੈਲਸੀਅਸ ਮਹਿਸੂਸ ਹੁੰਦਾ ਸੀ। ਇਸ ਦੇ ਨਾਲ ਹੀ ਵਾਹਵਾ ਬਰਫ਼ਬਾਰੀ ਵੀ ਹੋਈ। ਮੌਸਮ ਵਿਭਾਗ ਕੈਨੇਡਾ ਨੇ ਭਵਿੱਖ ਬਾਣੀ ਕੀਤੀ ਹੈ ਕਿ ਪੂਰੇ ਸੂਬੇ 'ਚ ਤਾਪਮਾਨ ਮਨਫ਼ੀ 16 ਡਿਗਰੀ ਤੋਂ ਮਨਫ਼ੀ 3 ਡਿਗਰੀ ਦੇ ਦਰਮਿਆਨ ਰਹੇਗਾ, ਜਦੋਂ ਕਿ ਬਰਫ਼ਬਾਰੀ ਵੀ ਹੋਵੇਗੀ। ਪੁਲਸ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ, ਜਦ ਕਿ ਸਿਟੀ ਵੱਲੋਂ ਹੋਰ ਸ਼ੈਲਟਰ ਖੋਲ੍ਹ ਦਿੱਤੇ ਗਏ ਹਨ।