ਟੋਰਾਂਟੋ -ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਲੜੀ 'ਚ ਪੰਜਾਬ ਚੈਰਿਟੀ ਫਾਊਂਡੇਸ਼ਨ ਅਤੇ ਉਸ ਦੀਆਂ ਸਹਿਯੋਗੀ ਸੰਸਥਾਂਵਾ ਵੱਲੋਂ 23 ਫਰਵਰੀ ਨੂੰ ਲਿੰਕਨ ਅਲੈਗਜੈਂਡਰ ਸਕੂਲ, ਮਾਲਟਨ ਟੋਰਾਂਟੋ 'ਚ ਪੰਜਾਬੀ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨਾਂ ਮੁਕਾਬਲਿਆਂ ਦੌਰਾਨ ਹਰ ਗਰੁੱਪ 'ਚ ਵੱਧ ਤੋਂ ਵੱਧ 15 ਪ੍ਰਤੀਯੋਗੀ ਹੀ ਹਿੱਸਾ ਲੈ ਸਕਦੇ ਹਨ।
ਪ੍ਰਤੀਯੋਗਿਤਾ ਮੁਤਾਬਕ ਗਰੇਡ 7-8 ਅਤੇ ਗਰੇਡ 9-10 ਦੇ ਵਿਦਿਆਰਥੀਆਂ ਲਈ 'ਮੇਰਾ ਰੋਲ ਮਾਡਲ' ਵਿਸ਼ਾ ਹੋਵੇਗਾ ਅਤੇ ਹਰ ਵਿਦਿਆਰਥੀ ਨੂੰ ਆਪਣਾ ਭਾਸ਼ਣ 4-6 ਮਿੰਟ 'ਚ ਪੂਰਾ ਕਰਨਾ ਪਵੇਗਾ, ਜਦੋਂ ਕਿ ਗਰੇਡ 11-12 ਤੱਕ ਦੇ ਵਿਦਿਆਰਥੀ ਅਤੇ ਹੋਰ ਵਿਅਕਤੀ ਆਉਣ ਵਾਲੀਆਂ ਚੋਣਾਂ ਲਈ ਉਮੀਦਵਾਰਾਂ ਦੀ ਯੋਗਤਾ ਬਾਰੇ ਦੱਸਣਗੇ, ਜਿਨ੍ਹਾਂ ਦਾ ਸਮਾਂ 5-7 ਮਿੰਟਾਂ ਦਾ ਹੋਵੇਗਾ। ਇਸ ਤੋਂ ਇਲਾਵਾ ਗਰੇਡ 1-2 ਨੂੰ 2-3 ਮਿੰਟ, ਗਰੇਡ 3-4 ਨੂੰ 3-4 ਮਿੰਟ ਅਤੇ ਗਰੇਡ 5-6 ਨੂੰ 4-5 ਮਿੰਟਾਂ ਲਈ ਭਾਸ਼ਣ ਦੇਣ ਦਾ ਸਮਾਂ ਦਿੱਤਾ ਜਾਵੇਗਾ, ਇਨ੍ਹਾਂ 'ਚ ਵਿਦਿਆਰਥੀ ਆਪਣੀ ਮਨਪਸੰਦ ਦਾ ਵਿਸ਼ਾ ਭਾਸ਼ਣ ਪ੍ਰਤੀਯੋਗਤਾ ਲਈ ਚੁਣ ਸਕਦੇ ਹਨ। ਹਰ ਵਰਗ ਦੇ ਜੇਤੂਆਂ ਨੂੰ ਇਨਾਮ ਦਿਤੇ ਜਾਣਗੇ।
ਗਰੇਡਾਂ ਦੇ ਹਿਸਾਬ ਨਾਲ ਗਰੁੱਪ ਬਣਾਏ ਜਾਣਗੇ। ਇਸ ਭਾਸ਼ਣ ਪ੍ਰਤੀਯੋਗਤਾ 'ਚ ਪੰਜਾਬੀਆਂ ਨੂੰ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜ ਕੇ ਆਪਣੀ ਵਿਰਾਸਤ ਅਤੇ ਅਮੀਰ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਇਆ ਜਾ ਸਕੇ।