ਵਾਟਰਲੂ : ਬਲੈਕਬੈਰੀ ਵੱਲੋਂ ਕੈਨੇਡਾ ਵਿਚਲੀ ਆਪਣੀ ਕਮਰਸ਼ੀਅਲ ਰੀਅਲ ਅਸਟੇਟ ਸੰਪਤੀ ਵਿੱਚੋਂ ਬਹੁਤੀ ਨੂੰ ਵੇਚਿਆ ਜਾ ਰਿਹਾ ਹੈ।ਪਰ ਸੰਘਰਸ਼ ਕਰ ਰਹੀ ਇਸ ਸਮਾਰਟਫੋਨ ਨਿਰਮਾਤਾ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੂੰ ਇਸ ਵਿੱਕਰੀ ਤੋਂ ਕਿੰਨੀ ਕਮਾਈ ਹੋਣ ਦੀ ਆਸ ਹੈ।
ਵਾਟਰਲੂ, ਓਨਟਾਰੀਓ ਸਥਿਤ ਬਲੈਕਬੈਰੀ ਨੇ ਆਖਿਆ ਕਿ ਜਿਸ ਸੰਪਤੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੀ ਰਲਾ ਕੇ ਤਿੰਨ ਮਿਲੀਅਨ ਸਕੁਏਅਰ ਫੁੱਟ ਥਾਂ ਬਣਦੀ ਹੈ।ਬਜ਼ਾਰ ਬੰਦ ਹੋਣ ਤੋਂ ਬਾਅਦ ਜਾਰੀ ਕੀਤੀ ਗਈ ਰਲੀਜ਼ ਵਿੱਚ ਕੰਪਨੀ ਨੇ ਆਖਿਆ ਕਿ ਬਲੈਕਬੈਰੀ ਵੱਲੋਂ ਇਸ ਵਿੱਕਰੀ ਸਬੰਧੀ ਜਾਣਕਾਰੀ ਲੋੜ ਮੁਤਾਬਕ ਹੀ ਸਾਰਿਆਂ ਦੇ ਸਾਹਮਣੇ ਲਿਆਂਦੀ ਜਾਵੇਗੀ।ਕੰਪਨੀ ਇਸ ਸਮੇਂ ਸੀ ਬੀ ਆਰ ਈ ਨਾਂ ਦੀ ਰੀਅਲ ਅਸਟੇਟ ਕੰਪਨੀ ਨਾਲ ਰਲ ਕੇ ਕੰਮ ਕਰ ਰਹੀ ਹੈ।
ਇਹ ਰੀਅਲ ਅਸਟੇਟ ਕੰਪਨੀ ਵਿੱਕਰੀ ਲਈ ਵਿੱਤੀ ਅਤੇ ਮੈਨੇਜਮੈਂਟ ਸੇਵਾਵਾਂ ਵੀ ਮੁਹੱਈਆ ਕਰਵਾਉਂਦੀ ਹੈ।ਬਲੈਕਬੈਰੀ ਦੇ ਸੀ ਈ ਓ ਤੇ ਐਗਜੈਕਟਿਵ ਚੇਅਰਮੈਨ ਜੌਹਨ ਚੇਨ ਨੇ ਆਖਿਆ ਕਿ ਬਲੈਕਬੈਰੀ ਆਪਣਾ ਹੈੱਡਕੁਆਰਟਰ ਵਾਟਰਲੂ ਵਿੱਚ ਹੀ ਰੱਖਣ ਲਈ ਵਚਨਬੱਧ ਹੈ ਤੇ ਵਿਸ਼ਵਵਿਆਪੀ ਬ੍ਰਾਂਚਾਂ ਤੋਂ ਇਲਾਵਾ ਕੈਨੇਡਾ ਵਿੱਚ ਬਲੈਕਬੈਰੀ ਦੀ ਚੰਗੀ ਹੋਂਦ ਹੈ।ਕ੍ਰਿਸਮਸ ਤੋਂ ਕੁੱਝ ਸਮਾਂ ਪਹਿਲਾਂ ਯੂਨੀਵਰਸਿਟੀ ਆਫ ਵਾਟਰਲੂ ਨੇ ਇਹ ਐਲਾਨ ਕੀਤਾ ਸੀ ਕਿ ਉਨਾਂ ਨੇ 41 ਮਿਲੀਅਨ ਡਾਲਰ ਵਿੱਚ ਬਲੈਕਬੈਰੀ ਤੋਂ ਪੰਜ ਇਮਾਰਤਾਂ ਤੇ ਜ਼ਮੀਨ ਖਰੀਦੀ ਹੈ।