ਵੈਨਕੂਵਰ - ਕਨੇਡੀਅਨ ਕੈਂਸਰ ਸੁਸਾਇਟੀ ਬੀ. ਸੀ. ਅਤੇ ਯੂਕੋਨ ਦੁਆਰਾ ਬ੍ਰਿਟਿਸ਼ ਕੋਲੰਬੀਆ ਵਿਚ ਤੰਬਾਕੂ ਪ੍ਰਾਡਕਟਾਂ ਤੇ ਪਾਬੰਦੀ ਦੀ ਕੀਤੀ ਜਾ ਰਹੀ ਮੰਗ ਵਿਚਕਾਰ ਆਈ ਪਬਲਿਕ ਓਪੀਨੀਅਨ ਉਤਸ਼ਾਹ ਵਧਾਉਣ ਵਾਲੀ ਹੈ। ਹਾਲ ਹੀ ਵਿਚ ਐਂਗਸ ਰੀਡ ਨਾਂ ਦੀ ਸੰਸਥਾ ਦੇ ਇਕ ਸਰਵੇਖਣ ਮੁਤਾਬਕ 15 ਤੋਂ 18 ਸਾਲਾਂ ਦੇ ਨੌਜਵਾਨਾਂ ਵਿਚਕਾਰੋਂ 85 ਫੀਸਦੀ ਨੌਜਵਾਨ ਤੰਬਾਕੂ ਪ੍ਰਾਡਕਟਾਂ ਤੇ ਪਾਬੰਦੀ ਦੇ ਪੱਖ ਵਿਚ ਹਨ।
ਵਰਣਨਯੋਗ ਹੈ ਕਿ ਕੈਂਸਰ ਸੁਸਾਇਟੀ ਦੁਆਰਾ ਪੇਸ਼ ਕੀਤੇ ਅੰਕੜਿਆਂ ਮੁਤਾਬਕ ਤੰਬਾਕੂ ਪ੍ਰਾਡਕਟ ਕਈ ਕਿਸਮ ਦੇ ਸਵਾਦੀ ਪਦਾਰਥਾਂ ਦੀ ਸ਼ਕਲ ਵਿਚ ਵੇਚੇ ਜਾਂਦੇ ਹਨ, ਇਹਨਾਂ ਦੇ ਕਾਰਨ ਕੈਂਸਰ ਦੇ ਪੀੜਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਬਹੁਤ ਸਮੇਂ ਤੋਂ ਬੇਨਤੀਆਂ ਕਰ ਰਹੇ ਹਾਂ ਕਿ ਇਹਨਾਂ ਪ੍ਰਾਡਕਟਾਂ ਦੇ ਕਾਰਨ ਸਾਡੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ, ਪਰ ਹੁਣ ਜਨਮਤ ਵੀ ਸਾਡੀ ਗੱਲ ਦਾ ਪੱਖ ਪੂਰਦਾ ਹੈ, ਇਸ ਕਰਕੇ ਹੁਣ ਅਜਿਹਾ ਕੋਈ ਕਾਰਨ ਨਹੀਂ ਰਹਿ ਗਿਆ ਕਿ ਸਰਕਾਰ ਕੋਈ ਕਦਮ ਨਾ ਚੁੱਕੇ।
ਕੈਨੇਡਾ ਵਿਚ ਤੰਬਾਕੂ ਪ੍ਰਾਡਕਟ ਕਈ ਤਰਾਂ ਦੇ ਵਿਕਦੇ ਹਨ। ਇਹਨਾਂ ਵਿਚ ਸਿਗਾਰ, ਵਾਟਰ ਪਾਈਪ ਤੰਬਾਕੂ, ਸਮੋਕਲੈਸ ਤੰਬਾਕੂ ਅਤੇ ਮੀਥਾਲ ਸਿਗਰਟਾਂ ਤੋਂ ਇਲਾਵਾ ਚਾਕਲੇਟ, ਮਿੰਟ, ਪੀਚ, ਸਟ੍ਰਾਬੇਰੀ ਅਤੇ ਹੋਰ ਕਈ ਕਿਸਮ ਦੇ ਫਲ ਅਤੇ ਟਾਫੀਆਂ ਦੇ ਫਲੇਵਰਾਂ ਵਾਲੇ ਪਦਾਰਥਾਂ ਵਿਚ ਤੰਬਾਕੂ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ।