ਮੈਲਬੋਰਨ - ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਕ ਨੂੰ ਇਕ ਵੱਡੇ ਉਲਟਫੇਰ ਵਿਚ ਅੱਠਵੀਂ ਸੀਡ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੇ ਮੰਗਲਵਾਰ ਨੂੰ ਪੰਜ ਸੈੱਟਾਂ ਦੇ ਮੈਰਾਥਨ ਕੁਆਰਟਰ ਫਾਈਨਲ ਵਿਚ ਹਰਾ ਕੇ ਆਸਟ੍ਰੇਲੀਅਨ ਓਪਨ ਤੋਂ ਬਾਹਰ ਕਰ ਦਿੱਤਾ। ਵਾਵਰਿੰਕਾ ਨੇ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਜੋਕੋਵਿਕ ਨੂੰ 2-6, 6-4, 6-2, 3-6, 9-7 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦਾ ਮੁਕਾਬਲਾ ਚੈੱਕਗਣਰਾਜ ਦੇ ਟਾਮਸ ਬੇਦ੍ਰਿਚ ਨਾਲ ਹੋਵੇਗਾ, ਜਿਸ ਨੇ ਤੀਜੀ ਸੀਡ ਸਪੇਨ ਦੇ ਡੇਵਿਡ ਫੇਰਰ ਨੂੰ 6-1, 6-2, 2-6, 6-4 ਨਾਲ ਹਰਾਇਆ।
ਜੋਕੋਵਿਕ ਦਾ ਇਸ ਹਾਰ ਨਾਲ ਤਿੰਨ ਸਾਲ ਤੋਂ ਮੈਲਬੋਰਨ ਪਾਰਕ ਵਿਚ ਚੱਲਿਆ ਆ ਰਿਹਾ ਅਜੇਤੂ ਰਾਜ ਵੀ ਢਹਿ-ਢੇਰੀ ਹੋ ਗਿਆ। ਵਾਵਰਿੰਕਾ ਨੇ ਉਚ ਪੱਧਰੀ ਟੈਨਿਸ ਨਾਲ ਭਰਪੂਰ ਇਹ ਮੁਕਾਬਲਾ ਚਾਰ ਘੰਟੇ ਵਿਚ ਜਿੱਤਿਆ। ਇਸ ਵਿਚਾਲੇ ਕੈਨੇਡਾ ਦੀ ਨੌਜਵਾਨ ਖਿਡਾਰਨ ਇਯੁਜਿਨੀ ਬੁਕਾਰਡ ਨੇ ਆਪਣੇ ਕੈਰੀਅਰ ਦਾ ਅਹਿਮ ਮੁਕਾਬਲਾ ਜਿੱਤਣ ਦੇ ਨਾਲ ਹੀ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦਾ ਮੁਕਾਬਲਾ ਚੀਨ ਦੀ ਲੀ ਨਾ ਨਾਲ ਹੋਵੇਗਾ। ਪਹਿਲੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿਚ ਏਸ਼ੀਆ ਦੀ ਇਕੋ-ਇਕ ਗ੍ਰੈਂਡ ਸਲੈਮ ਜੇਤੂ ਚੌਥੀ ਸੀਡ ਲੀ ਨਾ ਨੇ 28ਵੀਂ ਸੀਡ ਇਟਲੀ ਦੀ ਫਲੇਵਿਓ ਪੇਨੇਟਾ ਨੂੰ ਲਗਾਤਾਰ ਸੈੱਟਾਂ ਵਿਚ 6-2, 6-2 ਨਾਲ ਹਰਾ ਦਿੱਤਾ।
ਇਕ ਹੋਰ ਕੁਆਰਟਰ ਫਾਈਨਲ ਵਿਚ ਕੈਨੇਡਾ ਦੀ 19 ਸਾਲਾ ਬੁਕਾਰਡ ਨੇ ਸਾਬਕਾ ਨੰਬਰ ਵਨ ਖਿਡਾਰੀ ਏਨਾ ਐਵਾਨੋਵਿਕ ਨੂੰ ਤਿੰਨ ਸੈੱਟਾਂ ਵਿਚ 5-7, 7-5, 6-2 ਨਾਲ ਹਰਾ ਕੇ ਸੈਮੀਫਾਈਨਲ ਦੀ ਟਿਕਟ ਕਟਾ ਲਈ। ਦੂਜੇ ਪਾਸੇ ਪੁਰਸ਼ਾਂ ਵਿਚ ਚੈੱਕ ਗਣਰਾਜ ਦੇ ਟਾਮਿਸ ਬੇਦ੍ਰਿਚ ਨੇ ਡੇਵਿਡ ਫੇਰਰ ਨੂੰ ਚਾਰ ਸੈੱਟਾਂ ਤਕ ਚੱਲੇ ਮੁਕਾਬਲੇ ਵਿਚ 6-1, 6-4, 2-6, 6-4 ਨਾਲ ਹਰਾ ਕੇ ਆਪਣੇ ਕੈਰੀਅਰ ਵਿਚ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।