ਨਵੀਂ ਦਿੱਲੀ— ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਅਤੇ ਮੌਜੂਦਾ ਲੋਕ ਸਭਾ ਮੈਂਬਰ ਮੁੰਹਮਦ ਅਜ਼ਹਰੂਦੀਨ ਪੱਛਮੀ ਬੰਗਾਲ 'ਚ ਕਿਸੇ ਸੀਟ ਤੋਂ 2014 ਦੀਆਂ ਲੋਕ ਸਭਾ ਚੋਣਾਂ ਲੜਨਗੇ। ਅਜ਼ਹਰੂਦੀਨ ਨੇ ਪਿਛਲੀਆਂ ਆਮ ਚੋਣਾਂ 'ਚ ਪੱਛਮੀ ਉੱਤਰ ਦੀ ਮੁਰਾਦਾਬਾਦ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਅਤੇ ਆਪਣੇ ਨਜ਼ਦੀਕੀ ਉਮੀਦਵਾਰ ਕੁੰਬਰ ਸਰਵੇਸ਼ ਕਮਾਰ ਸਿੰਘ ਨੂੰ 50 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ।
ਉਸ ਤੋਂ ਪਹਿਲਾਂ ਫਰਵਰੀ 2009 'ਚ ਹੀ ਉਹ ਓਪਚਾਰਿਕ ਤੌਰ 'ਤੇ ਕਾਂਗਰਸ 'ਚ ਸ਼ਾਮਲ ਹੋਏ ਸਨ। ਸਾਬਕਾ ਭਾਰਤੀ ਕ੍ਰਿਕਟ ਕਪਤਾਨ ਦਾ ਪੱਛਮੀ ਬੰਗਾਲ ਅਤੇ ਖਾਸ ਤੌਰ 'ਤੇ ਕੋਲਕਾਤਾ ਦੇ ਇਡੇਨ ਗਾਰਡਨ ਨਾਲ ਖਾਸ ਸੰਬੰਧ ਰਿਹਾ ਹੈ। ਉਨ੍ਹਾਂ ਇਸ ਸਾਲ ਇਸ ਰਾਜ ਤੋਂ ਲੋਕ ਸਭਾ ਚੋਣਾਂ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਇਕ ਪ੍ਰੋਗਰਾਮ ਦੇ ਮੌਕੇ 'ਤੇ ਕਿਹਾ ਕਿ ਹਾਂ, ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਮੈਂ ਇਸ ਸਾਲ ਲੋਕ ਸਭਾ ਚੋਣਾਂ ਪੱਛਮੀ ਬੰਗਾਲ ਦੀ ਕਿਸੇ ਸੀਟ ਤੋਂ ਲੜਾਂਗਾ।
ਅਜ਼ਹਰੂਦੀਨ ਰੇਲ ਰਾਜ ਮੰਤਰੀ ਅਧੀਰ ਰੰਜਨ ਚੌਧਰੀ ਦੇ ਕਰੀਬੀ ਸਮਝੇ ਜਾਂਦੇ ਹਨ, ਜੋ ਪੱਛਮੀ ਬੰਗਾਲ ਦੇ ਸੀਨੀਅਰ ਕਾਂਗਰਸ ਨੇਤਾ ਹਨ। ਜਦੋਂ ਉਨ੍ਹਾਂ ਤੋਂ ਪਸੰਦ ਦੀ ਸੀਟ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਤਾਂ ਸ਼ਕੀਲ ਅਹਿਮਦ ਜੀ (ਪੱਛਮੀ ਬੰਗਾਲ 'ਚ ਕਾਂਗਰਸ ਸੁਪਰਵਾਇਜ਼ਰ) ਅਤੇ ਅਧੀਰ ਦਾ ਕਰਨਗੇ। ਉਹ ਹੀ ਤੈਅ ਕਰਨਗੇ ਕਿ ਮੈਂ ਕਿਸ ਚੋਣ ਖੇਤਰ ਤੋਂ ਲੜਾਂਗਾ।