ਜੀਵਨ ਸ਼ੈਲੀ

ਫੂਡ ਪਾਇਜ਼ਨਿੰਗ-ਖਾਣਾ ਤਾਜ਼ਾ ਖਾਓ

January 25, 2014 09:35 PM

ਅੱਜਕਲ੍ਹ ਇਕ ਨਵੀਂ ਪ੍ਰੇਸ਼ਾਨੀ ਸਾਹਮਣੇ ਆ ਰਹੀ ਹੈ, ਉਹ ਹੈ ਫੂਡ ਪਾਇਜ਼ਨਿੰਗ ਦੀ | ਏਨੀ ਤੇਜ਼ ਰਫ਼ਤਾਰ ਨਾਲ ਦੌੜਦੀ ਜ਼ਿੰਦਗੀ ਵਿਚ ਆਦਮੀ ਕਦੀ ਭੁੱਖਾ ਰਹਿੰਦਾ ਹੈ ਤਾਂ ਕਦੀ ਲੋੜ ਤੋਂ ਵੱਧ ਖਾ ਲੈਂਦਾ ਹੈ | ਕਦੀ ਬਾਹਰੋਂ ਮੰਗਵਾ ਕੇ ਜੰਕ ਫੂਡ, ਫਾਸਟ ਫੂਡ ਆਦਿ ਖਾਂਦਾ ਹੈ ਤਾਂ ਕਦੀ ਘਰ ਦਾ ਰੁੱਖਾ, ਬੇਹਾ ਖਾਣਾ ਹੀ ਖਾ ਲੈਂਦਾ ਹੈ | 


ਇਨ੍ਹਾਂ ਕਾਰਨਾਂ ਕਰਕੇ ਕਦੇ ਵੀ ਫੂਡ ਪਾਇਜ਼ਨਿੰਗ ਆਪਣਾ ਅਸਰ ਦਿਖਾ ਸਕਦੀ ਹੈ | ਜ਼ਿਆਦਾ ਖਾ ਲੈਣਾ ਅਤੇ ਸਵੇਰ ਦਾ ਬਣਿਆ ਖਾਣਾ, ਦੂਜੇ-ਤੀਜੇ ਸਮੇਂ ਖਾਣਾ ਫੂਡ ਪਾਇਜ਼ਨਿੰਗ ਪੈਦਾ ਕਰਦਾ ਹੈ | ਹਰ ਆਦਮੀ ਏਨੀ ਜਲਦੀ ਵਿਚ ਹੁੰਦਾ ਹੈ ਕਿ ਨਾ ਤਾਂ ਖਾਣਾ ਬਣਾਉਣ ਦੀ ਵਿਹਲ ਹੁੰਦੀ ਹੈ ਅਤੇ ਨਾ ਹੀ ਖਾਣਾ ਖਾਣ ਦੀ ਫੁਰਸਤ ਹੁੰਦੀ ਹੈ | ਜੇਕਰ ਖਾਣਾ ਸਮੇਂ ਸਿਰ ਖਾ ਲਿਆ ਜਾਵੇ ਤਾਂ ਬਹੁਤ ਚੰਗੀ ਗੱਲ ਹੈ | ਸਮੇਂ ਦੀ ਕਮੀ ਕਾਰਨ ਲੋਕ ਫਾਸਟ ਫੂਡ ਅਤੇ ਬੇਹੇ ਖਾਣੇ ਨੂੰ ਤਰਜੀਹ ਦੇਣ ਲੱਗੇ ਹਨ | ਕਈ ਦਿਨਾਂ ਦਾ ਰੱਖਿਆ ਖਾਣਾ ਤਾਂ ਹੋਰ ਵੀ ਜੋਖਮ ਭਰਿਆ ਹੈ | ਇਹ ਸਭ ਹੀ ਫੂਡ ਪਾਇਜ਼ਨਿੰਗ ਦੇ ਕਾਰਨ ਹਨ | ਵਧੇਰੇ ਸਮੇਂ ਤੱਕ ਰੱਖਿਆ ਹੋਇਆ ਭੋਜਨ ਸਿਹਤ ਦੇ ਲਈ ਫਾਇਦੇਮੰਦ ਨਹੀਂ ਹੁੰਦਾ, ਕਿਉਂਕਿ ਇਸ ਵਿਚ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ |


ਕੁਝ ਇਸੇ ਤਰ੍ਹਾਂ ਨਾਲ ਹੀ ਬਾਹਰ ਤੋਂ ਮੰਗਵਾਇਆ ਭੋਜਨ ਵੀ ਹੁੰਦਾ ਹੈ | ਚਾਹੇ ਇਹ ਪੈਕੇਡ ਹੋਵੇ ਜਾਂ ਨਹੀਂ, ਕਿਹਾ ਨਹੀਂ ਜਾ ਸਕਦਾ ਕਿ ਇਹ ਕਿੰਨਾ ਪੁਰਾਣਾ ਹੋਵੇਗਾ | ਜਿੰਨਾ ਪੁਰਾਣਾ ਭੋਜਨ ਹੋਵੇਗਾ, ਓਨਾ ਹੀ ਸਿਹਤ ਦੇ ਲਈ ਹਾਨੀਕਾਰਕ ਹੋਵੇਗਾ | ਰੱਖੇ ਹੋਏ ਭੋਜਨ ਵਿਚ ਬੈਕਟੀਰੀਆ ਬਹੁਤ ਜਲਦੀ ਫੈਲਦਾ ਹੈ | ਇਨ੍ਹਾਂ ਦੇ ਪੈਦਾ ਹੋਣ ਦੀ ਸੰਖਿਆ ਲੱਖਾਂ-ਕਰੋੜਾਂ ਵਿਚ ਹੁੰਦੀ ਹੈ | ਇਕ ਦਿਨ ਵਿਚ ਇਸ ਤੋਂ ਵੀ ਵੱਧ ਬੈਕਟੀਰੀਆ ਪੈਦਾ ਹੋ ਸਕਦੇ ਹਨ | ਇਹ ਬੈਕਟੀਰੀਆ 5 ਸੈਲਸੀਅਸ ਤੋਂ 60 ਸੈਲਸੀਅਸ ਤਾਪਮਾਨ ਵਿਚ ਬੜੀ ਤੇਜ਼ੀ ਨਾਲ ਵਧਦੇ ਹਨ | ਬੇਹੇ ਭੋਜਨ ਵਿਚ ਤਾਂ ਬੈਕਟੀਰੀਆ ਪੈਦਾ ਹੁੰਦੇ ਹੀ ਹਨ, ਨਾਲ ਹੀ ਨਾਲ ਡੇਅਰੀ ਉਤਪਾਦ ਵਿਚ ਵੀ ਬੈਕਟੀਰੀਆ ਬਹੁਤ ਤੇਜ਼ੀ ਨਾਲ ਵਧਦੇ ਹਨ | ਡੇਅਰੀ ਉਤਪਾਦ ਆਮ ਤੌਰ 'ਤੇ ਪਾਇਸਚਰਾਈਜ਼ ਕੀਤੇ ਹੁੰਦੇ ਹਨ, ਤਾਂ ਕਿ ਬੈਕਟੀਰੀਆ ਨਾ ਪੈਦਾ ਹੋ ਸਕਣ | ਇਸ ਲਈ ਪਾਇਸਚਰਾਈਜ਼ ਦੁੱਧ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ | ਇਹ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਏਗਾ, ਇਹ ਸਰੀਰ ਦੇ ਲਈ ਪੌਸ਼ਟਿਕ ਵੀ ਹੋਵੇਗਾ | 


ਬਾਜ਼ਾਰ ਵਿਚੋਂ ਬਣਿਆ ਖਾਣਾ ਮੰਗਵਾ ਕੇ ਖਾਣ ਤੋਂ ਬਚੋ, ਕਿਉਂਕਿ ਇਹ ਸਿਹਤ ਦੇ ਲਈ ਉੱਤਮ ਨਹੀਂ ਹੁੰਦਾ | ਇਸ ਵਿਚ ਪ੍ਰਯੋਗ ਕੀਤੇ ਗਏ ਸਾਮਾਨ ਨੂੰ ਸਾਫ-ਸੁਥਰਾ ਰੱਖਿਆ ਗਿਆ ਹੈ ਜਾਂ ਨਹੀਂ, ਇਹ ਕਿਹਾ ਨਹੀਂ ਜਾ ਸਕਦਾ | ਚੌਲ ਅਤੇ ਆਲੂ ਦੇ ਵਧੇਰੇ ਸੇਵਨ ਤੋਂ ਬਚੋ | ਪੱਕੀ, ਬਗੈਰ ਪੱਕੀ ਅਤੇ ਬਚੀ-ਖੁਚੀ ਖਾਧ ਸਮੱਗਰੀ ਫਰਿੱਜ ਵਿਚ ਹੀ ਰੱਖੋ | ਫਰਿੱਜ ਵਿਚ ਵੀ ਕਈ ਦਿਨਾਂ ਤੱਕ ਰੱਖੀਆਂ ਹੋਈਆਂ ਚੀਜ਼ਾਂ ਨਾ ਖਾਓ | ਜਿੰਨਾ ਖਾਣਾ ਚਾਹੀਦਾ ਹੋਵੇ, ਓਨਾ ਹੀ ਬਣਾਓ, ਤਾਂ ਕਿ ਬਚਿਆ ਨਾ ਰਹੇ | ਕੋਸ਼ਿਸ਼ ਕਰੋ ਕਿ ਇਕ ਸਮੇਂ ਦਾ ਭੋਜਨ ਦੂਜੇ ਸਮੇਂ ਨਾ ਖਾਣਾ ਪਵੇ | 


ਕੇਕ, ਬਰੈੱਡ ਆਦਿ ਨੂੰ ਫਰਿੱਜ ਵਿਚ ਹੀ ਰੱਖੋ | ਮਠਿਆਈਆਂ ਵਿਚ ਅਕਸਰ ਬੈਕਟੀਰੀਆ ਜਲਦੀ ਵਧਦੇ-ਫੁਲਦੇ ਹਨ | ਅਜਿਹੀਆਂ ਮਠਿਆਈਆਂ ਨਾ ਵਰਤੋ, ਜਿਨ੍ਹਾਂ ਵਿਚ ਬੈਕਟੀਰੀਆ ਪੈਦਾ ਹੋਣ ਦਾ ਖਤਰਾ ਹੁੰਦਾ ਹੈ, ਜਿਵੇਂ ਗੁਲਾਬ ਜਾਮਣ, ਰਸਗੁੱਲੇ, ਬਰਫੀ ਆਦਿ | ਇਨ੍ਹਾਂ ਵਿਚ ਬੈਕਟੀਰੀਆ ਬਹੁਤ ਜਲਦੀ ਵਧਦੇ-ਫੁਲਦੇ ਹਨ ਅਤੇ ਫੂਡ ਪਾਇਜ਼ਨਿੰਗ ਦਾ ਖਤਰਾ ਰਹਿੰਦਾ ਹੈ | ਗਰਮੀ ਦੇ ਮੌਸਮ ਵਿਚ ਫੂਡ ਪਾਇਜ਼ਨਿੰਗ ਦਾ ਖਤਰਾ ਵਧੇਰੇ ਹੁੰਦਾ ਹੈ | ਇਸ ਲਈ ਇਸ ਮੌਸਮ ਵਿਚ ਤਾਜ਼ਾ ਬਣਾਓ ਅਤੇ ਤਾਜ਼ਾ ਖਾਓ | ਫਰਿੱਜ ਦਾ ਪੂਰਾ ਇਸਤੇਮਾਲ ਕਰੋ ਪਰ ਇਹ ਧਿਆਨ ਰੱਖੋ ਕਿ ਫਰਿੱਜ ਵਿਚ ਰੱਖਿਆ ਸਾਮਾਨ ਬਹੁਤਾ ਪੁਰਾਣਾ ਨਾ ਹੋਵੇ | ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ |

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy