ਹਰ ਇਕ ਮਨੁੱਖ ਦੇ ਲਈ ਕੈਲਸ਼ੀਅਮ ਇਕ ਪ੍ਰਮੁੱਖ ਤੱਤ ਹੈ | ਇਹ ਸਾਰੇ ਜੀਵਾਂ ਦੀਆਂ ਕੋਸ਼ਿਕਾਵਾਂ ਦੀ ਬਾਹਰੀ ਝਿੱਲੀ ਵਿਚ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ | ਸਾਡੇ ਦੰਦ ਅਤੇ ਹੱਡੀਆਂ ਵਧੇਰੇ ਕੈਲਸ਼ੀਅਮ ਯੁਕਤ ਲਵਣਾਂ ਤੋਂ ਹੀ ਬਣੇ ਹੁੰਦੇ ਹਨ | ਕੈਲਸ਼ੀਅਮ ਦੀ ਕਮੀ ਵਿਚ ਸਾਡਾ ਦਿਲ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰ ਸਕੇਗਾ | ਰੁਦਿਰ ਦਾ ਥੱਕਾ ਨਹੀਂ ਬਣ ਸਕੇਗਾ ਅਤੇ ਪੇਸ਼ੀਆਂ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਨਗੀਆਂ | ਵੱਡਿਆਂ ਦੇ ਮੁਕਾਬਲੇ ਬੱਚਿਆਂ ਨੂੰ ਕੈਲਸ਼ੀਅਮ ਦੀ ਲੋੜ ਵਧੇਰੇ ਹੁੰਦੀ ਹੈ | ਇਸ ਦੀ ਕਮੀ ਕਾਰਨ ਹੱਡੀਆਂ, ਦਿਲ, ਪੇਸ਼ੀਆਂ ਵਿਚ ਗਤੀ ਅਤੇ ਵਾਧੂ ਵਹਾਅ ਹੋਣ ਲਗਦਾ ਹੈ |
ਕੈਲਸ਼ੀਅਮ ਦੀ ਕਮੀ ਕਾਰਨ ਬੱਚਿਆਂ ਦਾ ਸਰੀਰਕ ਵਿਕਾਸ ਸਮੁੱਚੇ ਰੂਪ ਵਿਚ ਨਹੀਂ ਹੁੰਦਾ | ਇਸ ਦੀ ਕਮੀ ਕਾਰਨ ਬੱਚਿਆਂ ਵਿਚ ਸੋਕੜਾ ਅਤੇ ਵੱਡਿਆਂ ਵਿਚ ਓਸਟੋਮੇਲੇਸ਼ੀਆ ਨਾਂਅ ਦੀ ਬਿਮਾਰੀ ਹੋ ਜਾਂਦੀ ਹੈ | ਇਸ ਦੀ ਕਮੀ ਕਾਰਨ ਬੇਵਕਤੀ ਦੰਦ ਟੁੱਟਣ ਲਗਦੇ ਹਨ, ਗੁਰਦੇ ਸਮੁੱਚੇ ਰੂਪ ਵਿਚ ਕੰਮ ਨਹੀਂ ਕਰਦੇ, ਜੋੜਾਂ ਵਿਚ ਦਰਦ ਅਤੇ ਸੋਜ ਹੋ ਜਾਂਦੀ ਹੈ, ਦਿਲ ਦੀ ਧੜਕਣ ਵਧਣ ਲਗਦੀ ਹੈ, ਪੂਰੀ ਤਰ੍ਹਾਂ ਨੀਂਦ ਨਹੀਂ ਆਉਂਦੀ ਅਤੇ ਗਰਭਕਾਲ ਵਿਚ ਬੱਚੇ ਦਾ ਵਿਕਾਸ ਵੀ ਰੁਕ ਜਾਂਦਾ ਹੈ | ਸਰੀਰਕ ਢਾਂਚਾ ਕਰੂਪ ਅਤੇ ਰੋਗਗ੍ਰਸਤ ਹੋ ਜਾਂਦਾ ਹੈ | ਕੈਲਸ਼ੀਅਮ ਦੀ ਸਭ ਤੋਂ ਵਧੇਰੇ ਲੋੜ ਬੱਚਿਆਂ ਨੂੰ ਹੁੰਦੀ ਹੈ, ਕਿਉਂਕਿ ਦੰਦ ਕੱਢਣ, ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਕੈਲਸ਼ੀਅਮ ਦਾ ਵੱਡਾ ਯੋਗਦਾਨ ਹੁੰਦਾ ਹੈ | ਇਸ ਲਈ ਬੱਚਿਆਂ ਦੇ ਦੰਦ ਦੇਰ ਨਾਲ ਨਿਕਲਣ ਜਾਂ ਬੱਚਿਆਂ ਦੇ ਦੇਰ ਨਾਲ ਚੱਲਣ ਵਿਚ ਇਹ ਸਮਝਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੇ ਭੋਜਨ ਵਿਚ ਕਾਫੀ ਮਾਤਰਾ ਵਿਚ ਕੈਲਸ਼ੀਅਮ ਨਹੀਂ ਮਿਲ ਰਹੀ |
ਗਰਭਵਤੀ ਨੂੰ ਕਾਫੀ ਮਾਤਰਾ ਵਿਚ ਕੈਲਸ਼ੀਅਮ ਨਾ ਮਿਲਣ 'ਤੇ ਗਰਭਪਾਤ ਦਾ ਖਤਰਾ ਹੋ ਸਕਦਾ ਹੈ | ਗਰਭ ਅਵਸਥਾ ਵਿਚ ਭਰੂਣ ਦੀਆਂ ਹੱਡੀਆਂ ਅਤੇ ਦੰਦਾਂ ਦੇ ਵਿਕਾਸ ਲਈ ਮਾਂ ਦੇ ਭੋਜਨ ਵਿਚ ਵਾਧੂ ਕੈਲਸ਼ੀਅਮ ਹੋਣਾ ਜ਼ਰੂਰੀ ਹੈ | ਕੈਲਸ਼ੀਅਮ ਦੀ ਕਮੀ ਕਰਕੇ ਬੱਚਾ ਸੋਕੇ ਦਾ ਰੋਗੀ ਹੋ ਸਕਦਾ ਹੈ ਅਤੇ ਮਾਂ ਨੂੰ ਵੀ ਲੱਤਾਂ ਦੀ ਦਰਦ, ਥਕਾਨ, ਹੱਡੀਆਂ ਦਾ ਪਤਲਾ ਹੋਣਾ ਆਦਿ ਵਿਕਾਰ ਹੋ ਸਕਦੇ ਹਨ | ਕੁਝ ਖਾਧ ਪਦਾਰਥ ਕੈਲਸ਼ੀਅਮ ਪ੍ਰਾਪਤ ਕਰਨ ਲਈ ਪ੍ਰਮੁੱਖ ਸੋਮੇ ਹੁੰਦੇ ਹਨ | ਉਨ੍ਹਾਂ ਦਾ ਸੇਵਨ ਆਪਣੇ ਭੋਜਨ ਵਿਚ ਨਿਯਮਿਤ ਰੂਪ ਨਾਲ ਕਰਦੇ ਰਹਿਣਾ ਚਾਹੀਦਾ ਹੈ | ਦੁੱਧ, ਆਂਡਾ, ਅੰਜੀਰ, ਬਦਾਮ, ਸ਼ਹਿਦ, ਪਨੀਰ, ਦਹੀਂ, ਔਲਾ, ਹਰੀਆਂ ਸਬਜ਼ੀਆਂ, ਨਿੰਬੂ ਆਦਿ ਨੂੰ ਆਪਣੇ ਨਿੱਤ ਦੇ ਭੋਜਨ ਵਿਚ ਨਿਯਮਿਤ ਰੂਪ ਨਾਲ ਗ੍ਰਹਿਣ ਕਰਦੇ ਰਹਿਣਾ ਚਾਹੀਦਾ ਹੈ | ਦੁੱਧ ਤੋਂ ਬਣੇ ਸਾਰੇ ਪਦਾਰਥਾਂ ਵਿਚ ਕੈਲਸ਼ੀਅਮ ਪਾਇਆ ਜਾਂਦਾ ਹੈ |
ਕੈਲਸ਼ੀਅਮ ਦੇ ਸਰੀਰ ਵਿਚ ਸ਼ੋਸ਼ਿਤ ਹੋਣ ਦੇ ਲਈ ਵਿਟਾਮਿਨ 'ਡੀ' ਦੀ ਲੋੜ ਹੁੰਦੀ ਹੈ, ਜੋ ਦੁੱਧ, ਮੱਖਣ, ਪਨੀਰ, ਫਲ ਅਤੇ ਹਰੀਆਂ ਸਬਜ਼ੀਆਂ ਦੇ ਨਾਲ ਹੀ ਸੁੱਕੇ ਮੇਵੇ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ |
ਕੈਲਸ਼ੀਅਮ ਦਾ ਸਭ ਤੋਂ ਚੰਗਾ ਸੋਮਾ ਦੁੱਧ ਨੂੰ ਮੰਨਿਆ ਜਾਂਦਾ ਹੈ ਪਰ ਕੁਝ ਵਿਅਕਤੀਆਂ ਨੂੰ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਤੋਂ ਵੀ ਐਲਰਜੀ ਹੁੰਦੀ ਹੈ ਜਾਂ ਤਾਂ ਉਹ ਉਸ ਨੂੰ ਪਚਾਅ ਨਹੀਂ ਸਕਦੇ | ਅਜਿਹੀ ਹਾਲਤ ਵਿਚ ਕੈਲਸ਼ੀਅਮ ਦੇ ਹੋਰ ਕੁਦਰਤੀ ਸੋਮਿਆਂ ਨੂੰ ਹੀ ਭੋਜਨ ਵਿਚ ਸ਼ਾਮਿਲ ਕਰਨਾ ਸਹੀ ਹੋਵੇਗਾ | ਫੁੱਲ ਗੋਭੀ, ਭਿੰਡੀ ਆਦਿ ਨੂੰ ਮੌਸਮ ਦੇ ਅਨੁਸਾਰ ਭੋਜਨ ਵਿਚ ਥਾਂ ਦੇ ਕੇ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ |