ਅਬੋਹ -ਬੇਰੁਜ਼ਗਾਰ ਲਾਈਨਮੈਨ ਯੂਨੀਅਨ ਨੇ ਅੱਜ ਆਪਣੇ ਸਾਥੀਆਂ ਨੂੰ ਨਿਯੁਕਤੀ ਪੱਤਰ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਮ੍ਰਿਤਕ ਸਾਥੀ ਦੀਆਂ ਅਸਥੀਆਂ ਲੈ ਕੇ ਰੋਸ ਵਿਖਾਵਾ ਕਰਦਿਆਂ ਮਲੋਟ ਚੌਕ 'ਚ ਪੰਜਾਬ ਸਰਕਾਰ ਤੇ ਪੰਜਾਬ ਪਾਵਰ ਕਾਰਪੋਰੇਸ਼ਨ ਦਾ ਪੁਤਲਾ ਫੂਕਿਆ।
ਇਹ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜ਼ਿਲਾ ਪ੍ਰਧਾਨ ਕੁਲਬੀਰ ਨੇ ਦੱਸਿਆ ਕਿ ਸਰਕਾਰ ਨੇ 2011 ਵਿਚ 5 ਹਜ਼ਾਰ ਲਾਈਨਮੈਨਾਂ ਦੀ ਨਿਯੁਕਤੀ ਦਾ ਇਸ਼ਤਿਹਾਰ ਦਿੱਤਾ ਸੀ ਪਰ ਇਕ ਹਜ਼ਾਰ ਲਾਈਨਮੈਨਾਂ ਨੂੰ ਨੂੰ ਹੀ ਨਿਯੁਕਤੀ ਪੱਤਰ ਦਿੱਤੇ ਗਏ ਜਦੋਂਕਿ 4 ਹਜ਼ਾਰ ਲਾਈਨਮੈਨ ਅੱਜ ਵੀ ਨਿਯੁਕਤੀ ਪੱਤਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਜਦੋਂਕਿ ਸਰਕਾਰ ਲਗਾਤਾਰ ਉਨ੍ਹਾਂ ਨੂੰ ਲਾਰੇ ਲਗਾਉਂਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇਸੇ ਮੰਗ ਨੂੰ ਲੈ ਕੇ ਉਨ੍ਹਾਂ ਦੇ ਇਕ ਸਾਥੀ ਫਾਜ਼ਿਲਕਾ ਦੇ ਪਿੰਡ ਕਮਾਲਵਾਲਾ ਵਾਸੀ ਰਾਜਕੁਮਾਰ ਨੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਆਤਮ-ਹੱਤਿਆ ਕਰ ਲਈ ਸੀ ਪਰ ਸਰਕਾਰ 'ਤੇ ਫਿਰ ਵੀ ਕੋਈ ਅਸਰ ਨਹੀਂ ਹੋਇਆ, ਉਲਟਾ ਅੱਜ ਵੀ ਸੰਘਰਸ਼ ਕਰ ਰਹੇ ਮੈਂਬਰਾਂ 'ਤੇ ਜ਼ੁਲਮ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ 26 ਦਸੰਬਰ ਨੂੰ ਫਤਿਹਗੜ੍ਹ ਵਿਚ ਸੰਘਰਸ਼ ਕਰ ਰਹੇ 16 ਬੇਰੁਜ਼ਗਾਰ ਲਾਈਨਮੈਨਾਂ ਨੂੰ ਪੁਲਸ ਨੇ ਕਾਬੂ ਕਰ ਕੇ ਉਨ੍ਹਾਂ 'ਤੇ ਝੂਠੇ ਪਰਚੇ ਦਰਜ ਕਰ ਦਿੱਤੇ ਜਦੋਂਕਿ ਜੇਲਾਂ ਵਿਚ ਬੰਦ ਸਾਥੀਆਂ ਵਲੋਂ ਭੁੱਖ ਹੜਤਾਲ ਅਤੇ ਮਰਨ ਵਰਤ ਜਾਰੀ ਹੈ, ਜਿਨ੍ਹਾਂ 'ਤੇ ਪੁਲਸ ਜ਼ੁਲਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਰੋਸ ਵਜੋਂ ਪੂਰੇ ਪੰਜਾਬ ਵਿਚ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ। ਅੱਜ ਰੋਸ ਵਿਖਾਵੇ ਦੌਰਾਨ ਮ੍ਰਿਤਕ ਰਾਜ ਕੁਮਾਰ ਦੀ ਪਤਨੀ ਰਾਣੀ ਦੇਵੀ ਤੇ ਉਸਦੇ ਬੱਚਿਆਂ ਨੇ ਰਾਜ ਕੁਮਾਰ ਦੀਆਂ ਅਸਥੀਆਂ ਲੈ ਕੇ ਪੂਰੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲੇਗਾ ਉਦੋਂ ਤਕ ਉਹ ਉਕਤ ਅਸਥੀਆਂ ਜਲ ਪ੍ਰਵਾਹ ਨਹੀਂ ਕਰਨਗੇ।
ਇਸ ਮੌਕੇ ਸ਼ੰਕਰ ਲਾਲ, ਦ੍ਰੋਪਦੀ ਦੇਵੀ, ਜਗਬੀਰ ਸਿੰਘ, ਸੁਮਨ ਰਾਣੀ, ਦੀਪਕ ਕੁਮਾਰ, ਮਹਾਵੀਰ, ਨੀਰਜ, ਅਸ਼ੋਕ, ਗਿਆਨ, ਦੌਲਤ, ਸ਼ਾਂਤੀ ਦੇਵੀ, ਟੀ. ਐੱਸ. ਯੂ. ਤੋਂ ਗੋਪੀ ਰਾਮ, ਬੀਰਬਲ ਤੇ ਜਮਹੂਰੀ ਕਿਸਾਨ ਸਭਾ ਦੇ ਕੁਲਵੰਤ ਕਿਰਤੀ ਹਾਜ਼ਰ ਸਨ।