ਸਰਬਜੀਤ ਸਿੰਘ ਭੈਣ ਦਲਬੀਰ ਨੇ ਬੁੱਧਵਾਰ ਨੂੰ ਭਾਰਤ ਪਹੁੰਚਦੇ ਸਾਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਉਸਦੇ ਭਾਈ ਨੂੰ ਭਾਰਤ ਲਿਆ ਕੇ ਉਸਦਾ ਇਲਾਜ ਕਰਵਾਉਣ ।
ਉਸਨੇ ਕਿਹਾ ਕਿ ਭਾਰਤ ਸਰਕਾਰ ਦੇ ਲਈ ਸ਼ਰਮ ਦੀ ਗੱਲ ਹੈ ਕਿ ਉਹ ਆਪਣੇ ਇੱਕ ਨਾਗਰਿਕ ਨੂੰ ਨਹੀਂ ਬਚਾ ਸਕਦੀ । ਭਾਰਤ ਨੇ ਪਾਕਿਸਤਾਨ ਦੇ ਕਈ ਕੈਦੀ ਛੱਡੇ ਹਨ ਪਰ ਆਪਣੇ ਸਰਬਜੀਤ ਨੂੰ ਨਹੀਂ ਬਚਾ ਸਕੇ।
ਉਹਨਾਂ ਦੋਸ਼ ਲਾਇਆ ਕਿ ਭਾਰਤ ਸਰਕਾਰ ਨੇ ਉਸਦੇ ਪਰਿਵਾਰ ਨਾਲ ਧੋਖਾ ਕੀਤਾ ਹੈ।
ਦਲਬੀਰ ਕੌਰ ਨੇ ਧਮਕੀ ਦਿੱਤੀ ਕਿ ਜੇ ਸਰਬਜੀਤ ਨੂੰ ਕੁਝ ਹੋਇਆ ਤਾਂ ਉਹ ਦੇਸ਼ ਵਿੱਚ ਅਜਿਹੇ ਹਾਲਾਤ ਪੈਦਾ ਕਰ ਦੇਵੇਗੀ ਜਿਸ ਨਾਲ ਮਨਮੋਹਨ ਸਿੰਘ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ ।
ਦਲਬੀਰ ਦਾ ਕਹਿਣਾ ਹੈ ਸਰਬਜੀਤ ਦਾ ਸ਼ਰੀਰ ਹਾਲੇ ਵੀ ਗਰਮ ਹੈ, ਅੱਖ ਫਰਕ ਰਹੀ ਹੈ, ਉਗਲੀਆਂ ਹਿੱਲ ਰਹੀਆਂ ਹਨ , ਪਰ ਉਸਨੂੰ ਡਰ ਹੈ ਕਿ ਪਾਕਿ ਅਧਿਕਾਰੀ ਉਸਦੀ ਜਾਨ ਲੈ ਸਕਦੇ ਹਨ । ਉਸਨੇ ਭਾਰਤ ਦੇ ਡਾਕਟਰਾਂ ਉਪਰ ਭਰੋਸਾ ਜਿਤਾਇਆ ਹੈ ਅਤੇ ਕਿਹਾ ਹੈ ਕਿ ਪਾਕਿਸਤਾਨ ਦੇ ਡਾਕਟਰਾਂ ਉਪਰ ਉਸਨੂੰ ਬਿਲਕੁਲ ਭਰੋਸਾ ਨਹੀਂ ਹੈ।
ਸਰਬਜੀਤ ਦੀ ਤੁਲਨਾ ਮਲਾਲਾ ਨਾਲ ਕਰਦੇ ਹੋਏ ਦਲਬੀਰ ਕੌਰ ਨੇ ਕਿਹਾ ਜੇ ਪਾਕਿਸਤਾਨ ਮਲਾਲਾ ਨੂੰ ਇਲਾਜ ਲਈ ਇੰਗਲੈਂਡ ਭੇਜ ਸਕਦਾ ਹੈ ਤਾਂ ਉਸਦੇ ਭਾਈ ਨੂੰ ਕਿਉਂ ਨਹੀਂ ।
ਦਲਬੀਰ ਕੌਰ ਨੇ ਦੋਸ਼ ਲਾਇਆ ਕਿ ਪਾਕਿਸਤਾਨ ਨੇ ਉਸਨੂੰ ਸਰਬਜੀਤ ਨਾਲ ਮਿਲਣ ਤੋਂ ਰੋਕਿਆ। ਉਸਦੀ ਗਲਤ ਰਿਪੋਰਟ ਦਿੱਤੀ ਅਤੇ ਡਾਕਟਰਾਂ ਨੇ ਉਸ ਨਾਲ ਕਦੇ ਕੋਈ ਸਲਾਹ ਨਹੀਂ ਕੀਤੀ । ਪੰਜ ਅਧਿਕਾਰੀਆਂ ਅਤੇ ਡਾਕਟਰਾਂ ਨੂੰ ਉਸਦੇ ਸਵਾਲਾਂ ਨਾਲ ਗੁੱਸਾ ਆਉਦਾ ਸੀ । ਦਲਬੀਰ ਦਾ ਕਹਿਣਾ ਸੀ ਕਿ ਉਹ ਸਰਬਜੀਤ ਦੀ ਭੈਣ ਹੈ, ਜੇ ਉਹ ਡਾਕਟਰਾਂ ਤੋਂ ਸਵਾਲ ਨਹੀਂ ਪੁੱਛੇਗੀ ਤਾ ਕੀ ਜ਼ਰਦਾਰੀ ਅਤੇ ਮਨਮੋਹਨ ਪੁੱਛਣਗੇ।
ਭਾਰਤ ਆਉਣ ਦੀ ਵਜਾਅ ਬਾਰੇ ਉਸਨੇ ਦੱਸਿਆ ਕਿ ਸਰਬਜੀਤ ਸਿੰਘ ਦੇ ਬੱਚਿਆਂ ਦੀ ਸੁਰੱਖਿਆ ਦੇ ਮਾਮਲੇ ਕਾਰਨ ਭਾਰਤ ਆਈ ਹੈ ਕਿਉਂਕਿ ਉਸਨੂੰ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਉਸਨੂੰ ਦੱਿਸਆ ਕਿ ਤਾਲਿਬਾਨ ਨੇ ਉਸਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ।
ਦਲਬੀਰ ਨੇ ਸਵਾਲ ਕੀਤੇ ਹਨ ਕਿ ਸਰਬਜੀਤ ਨੂੰ ਮਾਰਨ ਲਈ ਕੈਦੀਆਂ ਨੂੰ ਰਾਡ ਕਿਸਨੇ ਦਿੱਤੀ , ਜੇਲ੍ਹ ਅਧਿਕਾਰੀ ਦੱਸਣ ਕਿ ਕਦੋਂ ਤੋਂ ਪਲਾਨਿੰਗ ਹੋ ਰਹੀ ਸੀ । ਇਸ ਉਪਰ 6 ਕੈਦੀਆਂ ਨੇ ਹਮਲਾ ਕੀਤਾ ਸੀ ਅਤੇ ਫਿਰ 2 ਕੈਦੀਆਂ ਨੂੰ ਹੀ ਨਾਮਜਦ ਹੋਇਆ ਹੈ।