ਐਨ. ਆਰ. ਆਈ.
ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ

 ਔਕਲੈਂਡ 16 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਪੰਜਾਬੀ ਨੌਜਵਾਨ ਸੰਦੀਪ ਸਿੰਘ ਗਿੱਲ ਪਿੰਡ ਡਾਂਗੀਆਂ ਨੇ ਬੀਤੇ ਦਿਨੀਂ ਔਕਲੈਂਡ ਵਿੱਚ ਇਕ ਔਰਤ ਦੀ ਜਾਨ ਬਚਾ ਲਈ ਜੋ ਕਿ ਚੰਦ ਸਕਿੰਟਾਂ ਦੇ ਵਿਚ ਆਤਮਹੱਤਿਆ ਰਾਹੀਂ ਮੌਤ ਨੂੰ ਗਲੇ ਲਗਾਉਣ ਜਾ ਰਹੀ ਸੀ। ਇਹ ਨੌਜਵਾਨ ਬੀਤੇ ਦਿਨੀਂ ਆਪਣੇ ਕੰਮ ਤੋਂ ਵਾਪਿਸ ਘਰ ਪਰਤ ਰਿਹਾ ਸੀ, ਸਮਾਂ ਰਾਤ 2:45 ਦੇ ਕਰੀਬ ਸੀ। ਈਸਟ ਟਮਾਕੀ ਮੋਟਰਵੇਅ ਬ੍ਰਿਜ ਉਤੋਂ ਜਦੋਂ ਇਹ ਨੌਜਵਾਨ ਆਪਣੀ ਕਾਰ ਵਿਚ ਲੰਘਿਆ ਤਾਂ ਇਕ ਔਰਤ ਪੁੱਲ ਉਤੇ ਸ਼ਰਾਬ ਪੀ ਰਹੀ ਸੀ।  ਜਦੋਂ ਉਸ ਤੋਂ ਅੱਗੇ ਲੰਘਣ ਹੀ ਲੱਗਾ ਸੀ ਤਾਂ ਉਸਦੀ ਨਜ਼ਰ ਪੈ ਗਈ ਕਿ ਉਹ ਪੁੱਲ ਦੇ ਉਤੋਂ ਦੀ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਨੌਜਵਾਨ ਨੇ ਤੁਰੰਤ ਆਪਣੀ ਕਾਰ ਰੋਕ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਤਾਂ ਉਸਨੇ ਬੀਅਰ ਦੀ ਬੋਤਲ ਇਸ ਵੱਲ੍ਹ ਵਗਾਹ ਮਾਰਨ ਦੀ ਕੋਸ਼ਿਸ਼ ਕੀਤੀ ਜੋ ਕਿ ਉਸਦੇ ਹੱਥ ਵਿਚੋਂ ਛੁੱਟ ਗਈ। ਇਸ ਨੌਜਵਾਨ ਦਾ ਬਚਾਅ ਹੋ ਗਿਆ ਪਰ  ਇਸਨੇ ਉਸ ਔਰਤ ਦੀ ਜਾਨ ਬਚਾਉਣ ਖਾਤਿਰ ਉਸ ਤੱਕ ਫਿਰ ਪਹੁੰਚ ਬਣਾਈ ਅਤੇ ਉਸਨੂੰ ਛਾਲ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਔਰਤ ਨੇ ਇਸ ਨੌਜਵਾਨ ਨੂੰ ਹੀ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਲੰਘਣ ਵਾਲੀ ਕੋਈ ਵੀ ਕਾਰ ਨਾ ਰੁਕੀ।  ਇਹ ਨੌਜਵਾਨ ਸੜਕ ਉਤੇ ਲੋਕਾਂ ਨੂੰ ਆਵਾਜਾਂ ਮਾਰਨ ਲੱਗਾ ਕਿ ਕੋਈ ਮਦਦ ਕਰੇ, ਐਨੇ ਨੂੰ ਇਕ ਕਾਰ ਰੁਕੀ ਉਸਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਤੋਂ ਬਾਅਦ ਦੋ ਕਾਰਾਂ ਹੋਰ ਰੁਕ ਗਈਆਂ ਤੇ ਮਦਦ ਵਾਸਤੇ ਆਏ। ਕੁਝ ਸਮੇ ਬਾਅਦ ਪੁਲਿਸ ਵੀ ਆ ਗਈ।

ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ

ਇੰਗਲੈਂਡ ’ਚ ਰਹਿੰਦੇ ਸਾਹਨੇਵਾਲ ਦੇ ਕਬੱਡੀ ਖਿਡਾਰੀ ਜਸਕਰਨ ਸਿੰਘ ਸੰਧੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ । ਸਤਿੰਦਰ ਸਿੰਘ ਗੋਲਡੀ ਜੋ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਹੈਕਾਫ਼ੀ ਸਮੇਂ ਤੋਂ ਇੰਗਲੈਂਡ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਸੋਮਵਾਰ ਤੜਕੇ ਉਸ ਦਾ ਪੁੱਤਰ ਜਸਕਰਨ ਸਿੰਘ ਸੰਧੂ ਹੀਥਰੋ ਏਅਰਪੋਰਟ ਨੇੜਲੇ ਇਲਾਕੇ ਲੈਂਗਲੀਇੰਡ ਵਿਖੇ ਆਪਣੇ ਦੋਸਤਾਂ ਨੂੰ ਛੱਡ ਕੇ ਕਾਰ ਸਮੇਤ ਪਰਤ ਰਿਹਾ ਸੀ ਕਿ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ।
ਜਾਣਕਾਰੀ ਅਨੁਸਾਰ ਹਾਦਸਾ ਹੋਣ ਤੋਂ ਬਾਅਦ ਕਾਰ ਡੂੰਘੀ ਖੱਡ ਵਿਚ ਡਿੱਗ ਗਈ ਅਤੇ ਫਾਇਰ ਫਾਈਟਰਾਂ ਵੱਲੋਂ ਦੋਵਾਂ ਹੀ ਨੌਜਵਾਨਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਹਾਦਸੇ ’ਚ ਜਸਕਰਨ ਸਿੰਘ ਦੀ ਮੌਤ ਹੋ ਗਈ ਜਦਕਿ ਉਸ ਦਾ ਦੋਸਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਸਕਰਨ ਦੀ ਮੌਤ ਤੋਂ ਬਾਅਦ ਇੰਗਲੈਂਡ ਦੇ ਸਲੋਹ, ਸਾਊਥਾਲ ਸਮੇਤ ਅਗਲੇ ਤਿੰਨੇ ਟੂਰਨਾਮੈਂਟ ਰੱਦ ਕਰ ਦਿੱਤੇ ਹਨ।

ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ

ਅਮਰੀਕਾ ਵਿੱਚ ਸਿੱਖਾਂ ਦੇ ਹੱਕਾਂ ਲਈ ਲੜਨ ਵਾਲੀ ਇਕ ਸੰਸਥਾ ਨੇ ਸਿੱਖ ਭਾਈਚਾਰੇ ਬਾਰੇ ਅਮਰੀਕੀਆਂ ਨੂੰ ਜਾਣਕਾਰੀ ਦੇਣ ਲਈ ਕੌਮੀ ਨਿਊਜ਼ ਚੈਨਲਾਂ ਉਤੇ ਇਸ਼ਤਿਹਾਰੀ ਮੁਹਿੰਮ ਸ਼ੁਰੂ ਕੀਤੀ ਹੈ।
‘ਵੁਈ ਆਰ ਸਿੱਖਸ’ ਇਸ਼ਤਿਹਾਰੀ ਮੁਹਿੰਮ ਰਾਹੀਂ ਸਮਾਜ ਵਿੱਚ ਸਿੱਖ ਅਮਰੀਕੀਆਂ ਦੇ ਯੋਗਦਾਨ ਬਾਰੇ ਦੱਸਿਆ ਜਾਵੇਗਾ ਅਤੇ ਇਸ ਤੱਥ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ ਕਿ ਸਿੱਖ ਕਦਰਾਂ ਕੀਮਤਾਂ ਅਮਰੀਕੀ ਕਦਰਾਂ ਕੀਮਤਾਂ ਨਾਲ ਮੇਲ ਖਾਂਦੀਆਂ ਹਨ। 9/11 ਹਮਲਿਆਂ ਮਗਰੋਂ ਸਿੱਖ ਭਾਈਚਾਰੇ ਨੂੰ ਵਿਤਕਰੇ, ਧਮਕੀਆਂ ਤੇ ਨਸਲੀ ਜੁਰਮਾਂ ਦਾ ਨਿਸ਼ਾਨਾ ਬਣਇਆ ਜਾ ਰਿਹਾ ਹੈ ਕਿਉਂਕਿ ਦਸਤਾਰ ਕਾਰਨ ਸਿੱਖਾਂ ਨੂੰ ਗਲਤ ਸਮਝ ਲਿਆ ਜਾਂਦਾ ਹੈ। ਇਸ਼ਤਿਹਾਰ ਫੌਕਸ ਨਿਊਜ਼ ਉਤੇ 31 ਅਗਸਤ ਤੱਕ ਚੱਲਣਗੇ।

ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ

ਬਰੈਂਪਟਨ : 2018 ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਲਈ ਲਿਬਰਲ ਪਾਰਟੀ ਨੇ ਸੁਖਵੰਤ ਠੇਠੀ ਨੂੰ ਬਰੈਂਪਟਨ ਸਾਊਥ ਹਲਕੇ ਤੋਂ ਉਮੀਦਵਾਰ ਐਲਾਨਿਆ। ਨਾਮਜ਼ਦਗੀ ਲਈ ਹੋਈ ਇਕੱਤਰਤਾ ਵਿੱਚ ਸੈਂਕੜੇ ਲਿਬਰਲ ਹਮਾਇਤੀਆਂ ਦੀ ਹਾਜ਼ਰੀ ਵਿੱਚ ਹੋਏ ਇਸ ਐਲਾਨ ਮੌਕੇ ਪ੍ਰੀਮੀਅਰ ਕੈਥਲਿਨ ਵਿੱਨ, ਵਿੱਤ ਮੰਤਰੀ ਚਾਰਲਸ ਸੂਸਾ, ਫੈਡਰਲ ਮੰਤਰੀ ਨਵਦੀਪ ਬੈਂਸ, ਉਂਟੇਰੀਓ ਦੀ ਸੀਨੀਅਰਾਂ ਬਾਰੇ ਮੰਤਰੀ ਦੀਪਿਕਾ ਦਮੇਰਲਾ, ਐਮ ਪੀ ਸੋਨੀਆ ਸਿੱਧੂ, ਐਮ ਪੀ ਪੀ ਹਰਿੰਦਰ ਮੱਲ੍ਹੀ ਤੋਂ ਇਲਾਵਾ ਕਈ ਲੋਕਲ ਲਿਬਰਲ ਲੀਡਰ ਮੌਜੂਦ ਸਨ। ਨਾਮਜ਼ਦਗੀ ਪ੍ਰਕਿਰਿਆ ਦੇ ਪੱਖ ਤੋਂ ਵੇਖਿਆਂ ਇਹ ਸ਼ਾਇਦ ਉਨਟਾਰੀਉ ਸੂਬੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਹਲਕੇ ਤੋਂ ਉਮੀਦਵਾਰ ਐਲਾਨਣ ਵੇਲੇ ਰੈਲੀ ਨੁਮਾ ਇੱਕਤਰਤਾ ਦਾ ਇੰਤਜ਼ਾਮ ਕੀਤਾ ਗਿਆ ਹੋਵੇ। ਜਲੰਧਰ ਨੇੜੇ ਲੋਹਾਂਰਕਾਂ ਪਿੰਡ ਦੇ ਜੰਮਪਲ ਦੋ ਧੀਆਂ ਦੇ ਪਿਤਾ ਅਤੇ 1995 ਵਿੱਚ ਭਾਰਤ ਤੋਂ ਕੈਨੇਡਾ ਆਉਣ ਵਾਲੇ ਸੁਖਵੰਤ ਠੇਠੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਲਿਬਰਲ ਪਾਰਟੀ ਕੋਲ ਉਂਟੇਰੀਓ ਵਾਸੀਆਂ ਲਈ ਇਹ ਬਿਹਤਰ ਅਤੇ ਇਨਸਾਫ ਪਸੰਦ ਜੀਵਨ ਪ੍ਰਦਾਨ ਕਰਨ ਦੀ ਯੋਜਨਾ ਹੈ।

ਸੁਖਵੰਤ ਦੀ ਨਾਮਜ਼ਦਗੀ ਦਾ ਸੁਆਗਤ ਕਰਦੇ ਹੋਏ ਪ੍ਰੀਮੀਅਰ ਕੈਥਲਿਨ ਵਿੱਨ ਨੇ ਕਿਹਾ ਕਿ ਮੇਰੀ ਸਰਕਾਰ ਨੂੰ ਇਸ ਗੱਲ ਦਾ ਭਲੀਭਾਂਤ ਪਤਾ ਹੈ ਕਿ ਸੁਖਵੰਤ ਠੇਠੀ ਵਰਗੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਹੁਨਰਾਂ ਨੂੰ ਲੋਕ ਭਲਾਈ ਲਈ ਕਿਵੇਂ ਵਰਤਣਾ ਹੈ। ਉਹਨਾਂ ਨੇ ਕਿਹਾ ਕਿ ਸੁਖਵੰਤ ਬਰੈਂਪਟਨ ਵੈਸਟ ਲਈ ਇੱਕ ਬਿਹਤਰ ਐਮ ਪੀ ਪੀ ਸਾਬਤ ਹੋਵੇਗਾ।
ਇਸ ਮੌਕੇ ਵੱਖ ਵੱਖ ਲਿਬਰਲ ਬੁਲਾਰਿਆਂ ਵੱਲੋਂ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਪਾਰਟੀ ਵੱਲੋਂ ਹੈਮਿਲਟਨ ਏਰੀਆ ਤੋਂ ਇੱਕ ਦਸਤਾਰਧਾਰੀ ਸਿੱਖ ਨੌਜਵਾਨ ਨੂੰ ਟਿਕਟ ਨਾ ਦੇਣ ਦਾ ਵੀ ਮੁੱਦਾ ਜੋਰਸ਼ੋਰ ਨਾਲ ਚੁੱਕਿਆ ਗਿਆ। ਇਸ ਇੱਕਤਰਤਾ ਵਿੱਚ 6 ਤੋਂ 7 ਸੌ ਲਿਬਰਲ ਹਮਾਇਤੀ ਸ਼ਾਮਲ ਹੋਏ ਜੋ ਬਰੈਂਪਟਨ ਸਾਊਥ ਸਮੇਤ ਪੂਰੇ ਬਰੈਂਪਟਨ ਸ਼ਹਿਰ ਵਿੱਚ ਪੁੱਜੇ ਹੋਏ ਸਨ।

ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਨਾਭਾ ਵਾਸੀ  ਯਾਦਵਿੰਦਰ ਸਿੰਘ ਦੀ ਅਮਰੀਕਾ ਵਿੱਚ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ ਚਾਰ ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਉੱਥੇ ਟਰਾਲਾ ਚਲਾਉਂਦਾ ਸੀ। ਉਸਦੇ ਟਰਾਲੇ ਦਾ ਅਗਲਾ ਟਾਇਰ ਫਟ ਗਿਆ ਤੇ ਟਰਾਲਾ ਪਲਟ ਗਿਆ ਤੇ ਯਾਦਵਿੰਦਰ ਉਸ ਥੱਲੇ ਬੁਰੀ ਤਰ੍ਹਾਂ ਕੁਚਲਿਆ ਗਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਅਤੇ 2 ਬੇਟੇ ਛੱਡ ਗਿਆ ਹੈ।

ਵਿਦੇਸ਼ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਵਾਲਾ NRI ਗ੍ਰਿਫਤਾਰ: ਹੁਣ ਤੱਕ ਚਾਰ ਵਿਆਹ ਕਰਵਾਏ

ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਤੇ ਪੈਸੇ ਠੱਗਣ ਵਾਲੇ ਅਮਰੀਕਾ ਤੋਂ ਪਰਤੇ ਐਨ।ਆਰ।ਆਈ। ਨੂੰ ਪੁਲੀਸ ਨੇ ਦਿੱਲੀ ਹਵਾਈ ਅੱਡੇ ਤੋਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਜਗਜੀਤ ਸਿੰਘ ਵਾਸੀ ਗਰੀਨ ਐਵੇਨਿਊ ਜਲੰਧਰ ਵਜੋਂ ਹੋਈ ਹੈ, ਜੋ ਦੋ ਸਾਲ ਅਮਰੀਕਾ ਰਹਿ ਚੁੱਕਾ ਹੈ। ਉਹ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਹੁਣ ਤਕ ਚਾਰ ਵਿਆਹ ਕਰਵਾ ਚੁੱਕਾ ਹੈ। ਉਸ ਕੋਲੋਂ ਦੋ ਪਾਸਪੋਰਟ ਬਰਾਮਦ ਹੋਏ ਹਨ, ਜਿਨ੍ਹਾਂ ’ਚ ਇੱਕ ਜਗਜੀਤ ਸਿੰਘ ਤੇ ਦੂਜਾ ਪਾਸਪੋਰਟ ਰਤਨ ਕੁਮਾਰ ਦੇ ਨਾਂ ਦਾ ਹੈ।
ਜਗਜੀਤ ਦੇ ਚੌਥੇ ਵਿਆਹ ਦੀ ਸ਼ਿਕਾਰ ਹੋਈ ਨਵਜੋਤ ਕੌਰ ਅੱਜ ਪੁਲੀਸ ਕਮਿਸ਼ਨਰ ਪ੍ਰਵੀਨ ਸਿਨਹਾ ਨਾਲ ਮੀਡੀਆ ਅੱਗੇ ਪੇਸ਼ ਹੋਈ ਅਤੇ ਆਪਣੀ ਹੱਡਬੀਤੀ ਸੁਣਾਈ। ਨਵਜੋਤ ਨੇ ਦੱਸਿਆ ਕਿ ਜਗਜੀਤ ਸਿੰਘ ਉਸ ਨੂੰ ਵੈੱਬਸਾਈਟ ਸ਼ਾਦੀ।ਕਾਮ ’ਤੇ ਮਿਲਿਆ ਸੀ ਅਤੇ ਅਮਰੀਕਾ ਲਿਜਾਣ ਦਾ ਝਾਂਸਾ ਦੇ ਕੇ ਉਸ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ’ਚ ਜਗਜੀਤ ਦੀ ਭੂਆ ਗੁਰਦੇਵ ਕੌਰ, ਭੂਆ ਦੀ ਧੀ ਬਲਜੀਤ ਕੌਰ ਅਤੇ ਜਵਾਈ ਕਮਲਜੀਤ ਸਿੰਘ ਵੀ ਸ਼ਾਮਲ ਸਨ। ਵਿਆਹ ਬਾਅਦ ਜਗਜੀਤ ਨੇ ਉਸ ਦੇ ਘਰਦਿਆਂ ਕੋਲੋਂ 6।28 ਲੱਖ ਰੁਪਏ ਲੈ ਲਏ ਅਤੇ ਉਸ ’ਚੋਂ 2 ਲੱਖ ਭੂਆ ਨੂੰ ਵਿਚੋਲਣ ਬਣਨ ਦੇ ਦਿੱਤੇ। ਵਿਆਹ ਤੋਂ 10 ਦਿਨ ਬਾਅਦ ਜਗਜੀਤ ਉਸ ਨੂੰ ਛੱਡ ਕੇ ਪੈਸੇ ਲੈ ਕੇ ਫਰਾਰ ਹੋ ਗਿਆ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਜਗਜੀਤ ਪਹਿਲਾਂ ਵੀ ਤਿੰਨ ਵਿਆਹ ਕਰਵਾ ਚੁੱਕਾ ਹੈ ਅਤੇ ਵੱਖ ਵੱਖ ਥਾਣਿਆਂ ’ਚ ਉਸ ਖ਼ਿਲਾਫ਼ ਕੇਸ ਦਰਜ ਹਨ। ਪੁਲੀਸ ਨੇ ਉਸ ਦੀ ਭੂਆ ਗੁਰਦੇਵ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਉਸ ਦੀ ਧੀ ਤੇ ਜਵਾਈ ਹਾਲੇ ਫਰਾਰ ਹਨ।
 

ਕੈਪਟਨ ਨੇ ਦਿੱਤੀਆਂ ਕੈਨੇਡੀਅਨਾਂ ਨੂੰ ‘ਕੈਨੇਡਾ ਡੇਅ’ ਦੀਆਂ ਵਧਾਈਆਂ

ਕੈਨੇਡਾ ਦੇ 150ਵੇਂ ਸਥਾਪਨਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।
ਮੁੱਖ ਮੰਤਰੀ ਨੇ ਕੈਨੇਡਾ ਵਿਚ ਭਾਰਤੀ ਭਾਈਚਾਰੇ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਦਾ ਕੈਨੇਡਾ ਦੀ ਤਰੱਕੀ ਵਿਚ ਬਹੁਤ ਵੱਡਾ ਯੋਗਦਾਨ ਹੈ ।
ਕੈਪਟਨ ਨੇ ਕਿਹਾ ਕਿ ਕੈਨੇਡਾ ਵਿਚ ਰਹਿ ਰਿਹਾ ਪੰਜਾਬੀ ਤੇ ਸਿੱਖ ਭਾਈਚਾਰਾ ਗਹਿਰਾਈ ਨਾਲ ਆਪਣੀਆਂ ਪੰਜਾਬੀ ਜੜ੍ਹਾਂ ਨਾਲ ਜੁੜਿਆ ਹੋਇਆ ਹੈ ਤੇ ਇਨ੍ਹਾਂ ਦਾ ਪੰਜਾਬ ਵਿਚ ਹਰ ਵੇਲੇ ਸਵਾਗਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਐਨ।ਆਰ।ਆਈਜ਼ ਨੂੰ ਪੰਜਾਬ ਵਿਚ ਕਾਰੋਬਾਰ ਕਰਨ ਜਾਂ ਪੰਜਾਬ ਨਾਲ ਦੁਬਾਰਾ ਜੁੜਨ 'ਚ ਹਰ ਸੰਭਵ ਮਦਦ ਦੇਵੇਗੀ।
 

ਕੌਮਾਂਤਰੀ ਪੱਧਰ ’ਤੇ ਵਿਰੋਧ ਹੋਣ ਤੋਂ ਬਾਅਦ ਆਸਟਰੇਲੀਆ ਨੇ ਬਦਲਿਆ ਫੈਸਲਾਂ

ਕੌਮਾਂਤਰੀ ਪੱਧਰ ’ਤੇ ਵਿਰੋਧ ਹੋਣ ਤੋਂ ਬਾਅਦ ਆਸਟਰੇਲੀਅਨ ਇਮੀਗਰੇਸ਼ਨ ਵਿਭਾਗ ਨੇ ਭਾਰਤੀ ਮੂਲ ਦੇ ਜੌਰਜ ਪਰਿਵਾਰ ਨੂੰ ਆਸਟਰੇਲੀਆ ਦੀ ਨਾਗਰਿਕਤਾ ਦਿੰਦਿਆਂ ਸਥਾਈ ਤੌਰ ’ਤੇ ਆਸਟਰੇਲੀਆ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ।
ਜੌਰਜ ਪਰਿਵਾਰ ਨੂੰ ਉਨ੍ਹਾਂ ਦੀ ਤਿੰਨ ਸਾਲਾ ਬੱਚੀ ਦੇ ਮਾਨਸਿਕ ਰੋਗੀ ਹੋਣ ਕਾਰਨ ਆਸਟਰੇਲੀਆ ਦੀ ਨਾਗਰਿਕਤਾ ਦੇਣ ਤੋਂ ਇਤਕਾਰ ਕਰ ਦਿੱਤਾ ਸੀ ਅਤੇ 28 ਦਿਨਾਂ ਵਿੱਚ ਆਸਟਰੇਲੀਆ ਛੱਡਣ ਲਈ ਕਿਹਾ ਸੀ।
ਆਸਟਰੇਲੀਆ ਦੀ ਸਹਾਇਕ ਆਵਾਸ ਮੰਤਰੀ ਐਲੇਕਸ ਹੌਕੇ ਨੇ ਮੰਨਿਆ ਕਿ ਪਰਿਵਾਰ ਨੂੰ ਆਸਟਰੇਲੀਆ ਵਿੱਚ ਰੱਖਣਾ ਦੇਸ਼ ਵਾਸੀਆਂ ਦੇ ਹਿੱਤਾਂ ਦੇ ਵਿਰੁੱਧ ਹੈ ਪਰ ਉਨ੍ਹਾਂ ਨੇ ਆਪਣੀ ਵਿਸ਼ੇਸ਼ ਜਨਹਿੱਤ ਸ਼ਕਤੀ ਦੀ ਵਰਤੋਂ ਕਰਦਿਆਂ ਪਰਿਵਾਰ ਨੂੰ ਆਸਟਰੇਲੀਆ ਦੀ ਨਾਗਰਿਕਤਾ ਦੇਣ ਦਾ ਐਲਾਨ ਕੀਤਾ ਹੈ।
 

ਕੈਲੀਫੋਰਨੀਆ ਦੇ ਸਕੂਲ ’ਚ ਗੋਲੀ ਚੱਲੀ, ਤਿੰਨ ਹਲਾਕ

ਅਮਰੀਕੀ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੇਂਟ ਬਰਨਾਰਡ ਦੇ ਐਲੀਮੈਂਟਰੀ ਸਕੂਲ ਦੇ ਕਮਰੇ ’ਚ ਇਕ ਹਮਲਾਵਰ ਵਲੋਂ ਗੋਲੀਆਂ ਚਲਾਏ ਜਾਣ ਨਾਲ ਇਕ ਅਧਿਆਪਕਾ ਤੇ ਇੱਕ ਬੱਚੇ ਦੀ ਜਾਨ ਜਾਂਦੀ ਰਹੀ। ਘਟਨਾ ਵਿੱਚ  ਦੋ  ਬੱਚੇ ਸਖ਼ਤ ਜ਼ਖ਼ਮੀ ਹੋ ਗਏ। ਬਾਅਦ ’ਚ ਹਮਲਾਵਰ ਨੇ ਵੀ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਪੁਲੀਸ ਅਨੁਸਾਰ ਹਮਲਾਵਰ ਨੇ ਅਧਿਆਪਕਾ ਨਾਲ ਘਰੇਲੂ ਕਲੇਸ਼ ਕਾਰਨ ਇਹ ਕਾਰਾ ਕੀਤਾ ਹੋ ਸਕਦਾ ਹੈ, ਜੋ ਉਸ ਦਾ ਪਤੀ ਸੀ। ਘਟਨਾ ਸਵੇਰੇ ਸਕੂਲ ਖੁੱਲ੍ਹਣ ਦੇ ਕੁਝ ਦੇਰ ਬਾਅਦ ਵਾਪਰੀ।
ਜਾਂਚ ਅਧਿਕਾਰੀ ਕੈਪਟਨ ਰੌਨ ਮਾਸ ਅਨੁਸਾਰ ਘਟਨਾ ਮੌਕੇ ਸਕੂਲ ’ਚ 600 ਬੱਚੇ ਸਨ, ਪਰ ਹਮਲਾਵਰ ਦਾ ਨਿਸ਼ਾਨਾ ਸਿਰਫ ਅਧਿਆਪਕਾ ਹੀ ਸੀ। ਉਸਨੇ ਦਸਿਆ ਕਿ ਜ਼ਖ਼ਮੀ ਹੋਏ ਬੱਚੇ ਅਚਾਨਕ ਗੋਲੀਬਾਰੀ ਦੀ ਲਪੇਟ ਆ ਗਏ ਲਗਦੇ ਹਨ। ਘਟਨਾ ਤੋਂ ਬਾਅਦ ਤਿੰਨ ਬੱਚਿਆਂ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਪਰ 8 ਸਾਲ ਦਾ ਇਕ ਬੱਚਾ ਰਸਤੇ ’ਚ ਹੀ ਦਮ ਤੋੜ ਗਿਆ। ਬਾਕੀ ਦੋਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ। ਬੱਚਿਆਂ ਦੇ ਮਾਪੇ ਸਵਾ ਕੁ ਸਾਲ ਪਹਿਲਾਂ ਸ਼ਹਿਰ ਦੇ ਇਕ ਸਕੂਲ ’ਚ ਵਾਪਰੀ ਇੰਜ ਦੀ  ਘਟਨਾ ਦੇ ਖੌਫ ’ਚੋਂ ਅਜੇ ਉਭਰੇ ਵੀ ਨਹੀ ਸਨ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਹੋਰ ਵੀ ਡਰਾ ਦਿਤਾ ਹੈ। ਘਟਨਾ ਤੋਂ ਕੁਝ ਦੇਰ ਪਹਿਲਾਂ ਹੀ ਸਕੂਲ ਲੱਗਾ ਸੀ ਤੇ ਬੱਚੇ ਜਮਾਤਾਂ ’ਚ ਸਨ।
 

ਨਿਊਜ਼ੀਲੈਂਡ `ਚ ਪੰਜਾਬੀ ਕੁੜੀ ਸੈਂਡੀ ਸੇਖੋਂ ਨੇ 15000 ਫੁੱਟ ਤੋਂ ਲਾਇਆ `ਸਕਾਈ ਜੰਪ`

ਆਕਲੈਂਡ 3 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਪੰਜਾਬੀ ਕੁੜੀਆਂ ਨੂੰ ਭਾਵੇਂ ਹੁਣ ਤੱਕ 'ਚਿੜੀਆਂ' ਦੇ ਨਾਲ ਤੁਲਨਾ ਕਰਕੇ ਉਨ੍ਹਾਂ ਦੀ ਸਮਰੱਥਾ ਨੂੰ ਬਹੁਤ ਘੱਟ ਮਾਤਰਾ ਵਿਚ ਵੇਖਿਆ ਜਾਂਦਾ ਰਿਹਾ ਹੈ, ਪਰ ਹੁਣ ਇਨ੍ਹਾਂ ਕੁੜੀਆਂ ਦੀ ਉਡਾਰੀ ਐਨੀ ਵੱਡੀ ਹੋ ਗਈ ਹੈ ਕਿ ਸਾਰੀਆਂ ਧਾਰਨਾਵਾਂ ਬਦਲਣੀਆਂ ਪੈ ਰਹੀਆਂ ਹਨ। ਹੌਂਸਲੇ ਵਾਲੇ ਕੰਮ ਜਿਆਦਾ ਤਰ ਪੁਰਸ਼ਾਂ ਦੇ ਹਿੱਸੇ ਆਏ ਪਰ ਕੁੜੀਆਂ ਵੀ ਹੁਣ ਪਿੱਛੇ ਨਹੀਂ ਹਨ। ਨਿਊਜ਼ੀਲੈਂਡ ਦੇ ਇਕ ਰੇਡੀਓ ਚੈਨਲ ਉਤੇ ਕੰਮ ਕਰਦੀ ਪੰਜਾਬੀ ਕੁੜੀ ਸੈਂਡੀ ਸੇਖੋਂ ਨੇ ਟਾਪੂ ਸ਼ਹਿਰ ਵਿਖੇ 15000 ਫੁੱਟ ਦੀ ਉਚਾਰੀ ਤੋਂ ਸਕਾਈ ਡਾਈਵ ਜੰਪ ਕੀਤਾ ਹੈ। ਬਹਾਦਰੀ ਅਤੇ ਵੱਡੇ ਦਿਲ ਨਾਲ ਐਨੀ ਉਚਾਰੀ ਤੋਂ ਹੈਲੀਕਾਪਟਰ ਰਾਹੀਂ ਇਹ ਛਾਲ ਮਾਰਨੀ ਪੈਂਦੀ ਹੈ। ਜੰਪ ਮਾਰਨ ਬਾਅਦ ਲਗਪਗ ਇਕ ਮਿੰਟ ਥੱਲੇ ਆਉਣ ਦੀ ਸਪੀਡ 200 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਅਤੇ ਫਿਰ ਤੁਹਾਡਾ ਇੰਸਟ੍ਰਕਟਰ ਪੈਰਾਸ਼ੂਟ ਖੋਲ੍ਹ ਦਿੰਦਾ ਹੈ ਤਾਂ ਕਿ ਤੁਸੀਂ ਹੇਠਾਂ ਦੇ ਕੁਦਰਤੀ ਨਜ਼ਾਰੇ ਹੌਲੀ-ਹੌਲੀ ਵੇਖਦੇ ਲੈਂਡ ਕਰੋ।

ਕੈਨੇਡਾ ‘ਚ ਦੋ ਪੰਜਾਬੀ ਗ੍ਰਿਫਤਾਰ

ਕੈਨੇਡਾ ਵਿਚ ਪੀਲ ਦੀ ਖੇਤਰੀ ਪੁਲਸ ਨੇ ਤਸਕਰੀ ਦੇ ਇਰਾਦੇ ਨਾਲ ਡਰੱਗ ਰੱਖਣ ਅਤੇ ਹਥਿਆਰ ਰੱਖਣ ਦੇ ਮਾਮਲਿਆਂ ਵਿਚ ਗੁਰਜੀਤ ਮਾਨ, ਜਤਿੰਦਰ ਸੰਧਰ ਅਤੇ ਡੋਨੋਵਨ ਸ਼ਾਹ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀਆਂ ਦਸੰਬਰ ਮਹੀਨੇ ਤੋਂ 23 ਫਰਵਰੀ ਤੱਕ ਚੱਲਣ ਵਾਲੀ ਜਾਂਚ ਤੋਂ ਬਾਅਦ ਕੀਤੀਆਂ ਗਈਆਂ ਹਨ।  ਪੁਲਸ ਨੇ ਟੋਰਾਂਟੋ ਦੇ ਸਥਿਤ ਇਕ ਘਰ 'ਤੇ ਛਾਪਾ ਮਾਰਿਆ, ਜਿੱਥੋਂ ਪੁਲਸ ਨੇ ਭਾਰੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ। ਇਸੇ ਤਰ੍ਹਾਂ ਮਾਰੇ ਗਏ ਛਾਪਿਆਂ ਦੌਰਾਨ ਪੁਲਸ ਨੇ ਮਿਸੀਗਾਗਾ ਦੇ 35 ਸਾਲਾ ਗੁਰਜੀਤ ਮਾਨ ਅਤੇ ਬਰੈਂਪਟਨ ਦੇ 39 ਸਾਲਾ ਸੰਧਰ ਨੂੰ ਤਸਕਰੀ ਦੇ ਇਰਾਦੇ ਨਾਲ ਹੈਰੋਇਨ ਰੱਖਣ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ। ਬਰਾਮਦ ਕੀਤੀ ਗਈ ਡਰੱਗ ਦੀ ਕੀਮਤ 22000 ਡਾਲਰ ਹੈ। ਇਨ੍ਹਾਂ ਕੋਲੋਂ 5000 ਡਾਲਰ ਦੀ ਕੈਨੇਡੀਅਨ ਕਰੰਸੀ ਵੀ ਬਰਾਮਦ ਹੋਈ ਹੈ। 23 ਮਾਰਚ ਨੂੰ ਦੋਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
 

ਪਤਨੀ ਦਾ ਕਤਲ ਕਾਰਨ ਵਾਲਾ ਪੰਜਾਬੀ ਗ੍ਰਿਫ਼ਤਾਰ

ਬਰਨਬੀ ’ਚ ਬੀਤੇ ਦਿਨੀਂ ਇੱਕ ਘਰ ’ਚ ਮਾਰੀ ਗਈ ਅੌਰਤ ਦੇ ਪਤੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਕਤਲ ਦੇ ਦੋਸ਼ ਆਇਦ ਕੀਤੇ ਹਨ। ਪਰਵੀਨ ਮਾਨ (47) ਨੂੰ ਅਦਾਲਤ ’ਚ ਪੇਸ਼ ਕੀਤੇ ਜਾਣ ਬਾਰੇ ਅਜੇ ਪੁਲੀਸ ਨੇ ਜਾਣਕਾਰੀ ਨਹੀਂ ਦਿੱਤੀ। ਪੁਲੀਸ ਵੱਲੋਂ ਦਿੱਤੀ ਜਾਣਕਾਰੀ ’ਚ ਕਿਹਾ ਗਿਆ ਹੈ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਪੁਲੀਸ ਜਦੋਂ ਬਰਨਬੀ ਦੇ 18 ਐਵੇਨਿਊ ਦੇ 7900 ਬਲਾਕ ਸਥਿਤ ਘਰ ਪਹੁੰਚੀ ਤਾਂ ਅੰਦਰ ਅੌਰਤ ਜ਼ਖ਼ਮੀ ਹਾਲਤ ’ਚ ਪਈ ਸੀ ਜਿਸ ਦੀ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪੁਲੀਸ ਨੂੰ ਝਕਾਨੀ ਦੇ ਕੇ ਭੱਜਣ ਦਾ ਯਤਨ ਕਰ ਰਹੇ ਅੌਰਤ ਦੇ ਪਤੀ ਪਰਵੀਨ ਮਾਨ ਨੂੰ ਸ਼ੱਕ ਦੇ ਅਾਧਾਰ ’ਤੇ ਹਿਰਾਸਤ ’ਚ ਲੈ ਲਿਆ ਗਿਆ। ਜਾਂਚ ਦੌਰਾਨ ਪਤਾ ਲਗਾ ਕਿ ਕਤਲ ਦਾ ਕਾਰਨ ਘਰੇਲੂ ਕਲੇਸ਼ ਸੀ। ਅੱਜ ਪਰਵੀਨ ਮਾਨ ਨੂੰ ਲਾਏ ਦੋਸ਼ਾਂ ਹੇਠ ਬਕਾਇਦਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੇ ਦੋਵਾਂ ਬੱਚਿਆਂ ਦੀ ਸੰਭਾਲ ਅਧਿਕਾਰਤ ਤੌਰ ’ਤੇ ਗੁਆਂਢੀਆਂ ਨੂੰ ਸੌਂਪੀ ਗਈ ਹੈ। ਪੁਲੀਸ ਨੇ ਮ੍ਰਿਤਕਾ ਦੀ ਪਛਾਣ ਜਾਰੀ ਨਹੀਂ ਕੀਤੀ। ਉੱਧਰ ਅੱਜ ਈਸਟ ਵੈਨਕੂਵਰ ਖੇਤਰ ’ਚ ਡੇਵਿਡ ਥੌਮਸਨ ਸਕੂਲ ’ਚੋਂ ਇੱਕ ਅੌਰਤ ਦੀ ਲਾਸ਼ ਬਾਰਮਦ ਹੋਈ ਹੈ, ਜਿਸ ਬਾਰੇ ਜਾਂਚ ਜਾਰੀ ਹੈ।

ਦੱਖਣੀ ਤੇ ਕੇਂਦਰੀ ਕੈਲੀਫੋਰਨੀਆ ਵਿੱਚ ਤੂਫ਼ਾਨ

ਦੱਖਣੀ ਤੇ ਕੇਂਦਰੀ ਕੈਲੀਫੋਰਨੀਆ ਵਿੱਚ ਸ਼ੁੱਕਰਵਾਰ ਨੂੰ ਆਏ ਤੂਫ਼ਾਨ ਕਾਰਨ ਚਾਰ ਵਿਅਕਤੀ ਮਾਰੇ ਗਏ ਹਨ ਅਤੇ ਜਨ-ਜੀਵਨ ਠੱਪ ਹੋ ਗਿਆ ਹੈ। ਝੱਖੜ ਤੇ ਭਾਰੀ ਮੀਂਹ ਕਾਰਨ ਬਿਜਲੀ ਸਪਲਾਈ ਲਾਈਨ ਡਿੱਗ ਗਈ ਅਤੇ ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇਕ ਵਿਅਕਤੀ ਦੀ ਲਾਸ਼ ਡੁੱਬੀ ਹੋਈ ਕਾਰ ਵਿੱਚੋਂ ਮਿਲੀ ਹੈ। ਝੱਖੜ ਕਾਰਨ ਹਵਾਈ ਅੱਡਿਆਂ ’ਤੇ ਸੈਂਕੜੇ ਉਡਾਣਾਂ ਵਿੱਚ ਵਿਘਨ ਪਿਆ। ਕੁੱਝ ਥਾਵਾਂ ’ਤੇ ਲੋਕਾਂ ਨੂੰ ਗਾਰ ਤੇ ਮਲਬੇ ਤੋਂ ਬਚਣ ਲਈ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਬੇਨਤੀ ਕੀਤੀ ਗਈ ਹੈ।

ਅਮਰੀਕਾ ਵਿਚ ਨਾਜਾਇਜ਼ ਤੌਰ `ਤੇ ਰਹਿ ਰਹੇ ਹਜ਼ਾਰਾਂ ਪ੍ਰਵਾਸੀ ਫੜੇ

ਅਮਰੀਕੀ ਇਮਿਗ੍ਰੇਸ਼ਨ ਅਧਿਕਾਰੀਆਂ ਨੇ ਅਜਿਹੇ ਪ੍ਰਵਾਸੀਆਂ ਵਿਰੁਧ ਛਾਪਾਮਾਰੀ ਕੀਤੀ, ਜੋ ਇਥੇ ਬਿਨ੍ਹਾਂ ਕਾਗ਼ਜ਼ਾਂ ਦੇ ਰਹਿ ਰਹੇ ਹਨ। ਹਜ਼ਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੋਨਾਲਡ ਟਰੰਪ ਦੇ ਕਾਰਜਕਾਲ 'ਚ ਇਸ ਤਰ੍ਹਾਂ ਦਾ ਛਾਪਾ ਪਹਿਲੀ ਵਾਰ ਮਾਰਿਆ ਗਿਆ ਹੈ। ਇਸ ਕਾਰਨ ਪੂਰੇ ਅਮਰੀਕਾ 'ਚ ਲੋਕ ਸਹਿਮੇ ਹੋਏ ਹਨ। ਅਮਰੀਕਾ ਦੀ ਫ਼ੈਡਰਲ ਇੰਮੀਗ੍ਰੇਸ਼ਨ ਐਂਡ ਕਸਟਮ ਇਨਫ਼ੋਰਸਮੈਂਟ ਨੇ ਲਾਸ ਏਂਜਲਸ, ਨਿਊਯਾਰਕ, ਸ਼ਿਕਾਗੋ, ਆਸਟਿਨ, ਐਟਲਾਂਟਾ ਸਮੇਤ ਕਈ ਸ਼ਹਿਰਾਂ 'ਚ ਬਿਨਾਂ ਕਾਗ਼ਜ਼ਾਂ ਦੇ ਰਹਿ ਰਹੇ ਪ੍ਰਵਾਸੀਆਂ 'ਤੇ ਛਾਪੇ ਮਾਰੇ। ਕੈਲੇਫ਼ੋਰਨੀਆ ਮੈਟ੍ਰੋਪੋਲਿਸ ਤੋਂ ਲਗਭਗ 160 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬੀਤੇ ਸ਼ੁਕਰਵਾਰ ਰਾਤ ਵੀ ਬਿਨਾਂ ਕਾਗ਼ਜ਼ਾਂ ਵਾਲੇ 37 ਪ੍ਰਵਾਸੀਆਂ ਨੂੰ ਮੈਕਸਿਕੋ ਭੇਜ ਦਿਤਾ ਗਿਆ ਸੀ।

 

1962 ਦੀ ਜੰਗ ਤੋ ਬਾਅਦ ਘਰ ਵਾਪਸ ਗਿਆ ਚੀਨੀ ਫ਼ੌਜੀ

1962 ਦੀ ਭਾਰਤ ਅਤੇ ਚੀਨ ਜੰਗ ਸਮੇਂ ਭਾਰਤੀ ਸਰਹੱਦ ਪਾਰ ਕਰ ਕੇ ਆਏ ਚੀਨੀ ਫ਼ੌਜੀ ਨੂੰ 50 ਸਾਲਾਂ ਬਾਅਦ ਆਪਣੇ ਵਤਨ ਪਰਤਣ ਦਾ ਮੌਕਾ ਮਿਲਿਆ।  ਚੀਨੀ ਫ਼ੌਜੀ ਵੈਂਗ ਕੀ (77) ਅੱਜ ਆਪਣੇ ਭਾਰਤੀ ਪਰਿਵਾਰਕ ਮੈਂਬਰਾਂ ਨਾਲ ਵਤਨ ਪਰਤਿਆ। ਇਸ ਮੌਕੇ ਉਸ ਦੇ ਚੀਨੀ ਰਿਸ਼ਤੇਦਾਰ, ਚੀਨੀ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਘਰ ਦੇ ਅਧਿਕਾਰੀ ਵੀ ਹਾਜ਼ਰ ਸਨ। ਵੈਂਗ ਦਿੱਲੀ ਤੋਂ ਪੇਈਚਿੰਗ ਆਉਣ ਵਾਲੇ ਜਹਾਜ਼ ’ਚ ਆਪਣੇ ਪੁੱਤਰ ਵਿਸ਼ਨੂੰ ਵੈਂਗ (35), ਨੂੰਹ ਨੇਹਾ ਅਤੇ ਪੋਤੀ ਖਨਕ ਵੈਂਗ ਨਾਲ ਆਏ ਹਨ। ਉਨ੍ਹਾਂ ਦੀ ਪਤਨੀ ਸੁਸ਼ੀਲਾ ਭਾਰਤ ’ਚ ਹੀ ਹੈ। -ਪੀਟੀਆਈ

ਭਾਰਤੀ ਏਜੰਟਾਂ ਦੇ ਫਰਜ਼ੀ ਬੈਂਕ ਕਾਗਜ਼ਾਂ ਕਾਰਨ 9 ਭਾਰਤੀ ਵਿਦਿਆਰਥੀਆਂ ਨੂੰ ਫਿਰ ਦੇਸ਼ ਛੱਡਣ ਦੇ ਹੁਕਮ

ਆਕਲੈਂਡ- 3 ਫਰਵਰੀ ( ਹਰਜਿੰਦਰ ਸਿੰਘ ਬਸਿਆਲਾ )-ਭਾਰਤੀ ਏਜੰਟਾਂ ਵੱਲੋਂ ਵੱਖ-ਵੱਖ ਰਾਜਾਂ ਤੋਂ ਇਥੇ ਆਏ ਬਹੁਤ ਸਾਰੇ ਵਿਦਿਆਰਥੀ ਦੇਸ਼ ਨਿਕਾਲੇ ਦੇ ਹੁਕਮਾਂ ਨਾਲ ਕਾਨੂੰਨੀ ਲੜਾਈ ਵਿਚੋਂ ਲੰਘ ਰਹੇ ਹਨ। ਆਖਿਰ ਦੇ ਵਿਚ ਇਮੀਗ੍ਰੇਸ਼ਨ ਮੰਤਰੀ ਨੂੰ ਕੀਤੀਆਂ ਗਈਆਂ ਅਪੀਲਾਂ ਵੀ ਬਿਨਾਂ ਸਿੱਟਾ ਨਿਕਲੇ ਵਾਪਿਸ ਮੁੜ ਰਹੀਆਂ ਹਨ। ਰੋਸ ਮੁਜਾਹਰੇ ਵੀ ਕੀਤੇ ਅਤੇ ਸਰਕਾਰ ਦੀਆਂ ਵਿਰੋਧੀਆਂ ਪਾਰਟੀਆਂ ਵਾ ਨਾਲ ਆਈਆਂ ਪਰ ਗੱਲ ਨਹੀਂ ਬਣੀ। ਇਮੀਗ੍ਰੇਸ਼ਨ ਮੰਤਰੀ ਨੇ ਸਾਰਾ ਕੁਝ ਇਮੀਗ੍ਰੇਸ਼ਨ ਦਫਤਰ ਉਤੇ ਸੁੱਟ ਦਿੱਤਾ ਅਤੇ ਆਖਿਰ ਉਨ੍ਹਾਂ ਪਹਿਲਾ ਵਾਲਾ ਫੈਸਲਾ ਰੱਖਦਿਆਂ ਹੁਣ 9 ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਛੱਡਣ ਦੇ ਹੁਕਮ ਜਾਰੀ ਕੀਤੇ ਹਨ। ਇਕ ਪੰਜਾਬੀ ਮੁੰਡਾ ਜੋ ਕਿ ਆਪਣੀ ਪਤਨੀ ਅਤੇ 2 ਸਾਲਾ ਬੇਟੀ ਨਾਲ ਇਥੇ ਰਹਿ ਰਿਹਾ ਹੈ, ਵੀ ਇਕ ਵੱਖਰੀ ਮੁਸ਼ਕਿਲ ਵਿਚੋਂ ਲੰਘ ਰਿਹਾ ਹੈ। ਉਸਦੀ ਪਤਨੀ ਜੋ ਕਿ ਇਥੇ 2015 ਦੇ ਵਿਚ ਬਿਜਨਸ ਲੈਵਲ 7 ਦੀ ਪੜ੍ਹਾਈ ਪੂਰੀ ਕਰਕੇ ਜਾਬ ਸਰਚ 'ਤੇ ਜਾਣ ਵਾਲੀ ਸੀ ਕਿ ਉਸਨੂੰ ਡਿਪੋਰਟੇਸ਼ਨ ਆਰਡਰ ਮਿਲ ਗਿਆ। ਇਹ ਮੁੰਡਾ ਅੱਗੇ ਪਾਰਟ ਟਾਈਮ ਪੜ੍ਹਨ ਲੱਗ ਪਿਆ ਹੈ ਅਤੇ ਇਸਦੀ ਬੇਟੀ ਕੋਲ ਵਿਜ਼ਟਰ ਵੀਜ਼ਾ ਹੈ। ਪਰਿਵਾਰ ਨੇ ਅਜੇ ਆਪਣੇ ਪਿੰਡ ਇਸ ਬਾਰੇ ਕੋਈ ਸੁਚਨਾ ਨਹੀਂ ਦਿੱਤੀ ਕਿਉਂਕਿ ਘਰਦਿਆਂ ਦੇ ਦਿਲ ਉਹ ਇਸ ਤਰ੍ਹਾਂ ਤੋੜਨਾ ਨਹੀਂ ਚਾਹੁੰਦੇ। ਇਸ ਪੰਜਾਬੀ ਮੁੰਡੇ ਨੇ ਕਿਹਾ ਹੈ ਕਿ ਜੇਕਰ ਉਸਦੀ ਪਤਨੀ ਨੂੰ ਜਾਣਾ ਹੀ ਪਿਆ ਤਾਂ ਉਹ ਵੀ ਨਾਲ ਹੀ ਜਾਵੇਗਾ।
ਦੇਸ਼ ਛੱਡਣ ਦੇ ਹੁਕਮਾਂ ਦਾ ਸਾਹਮਣਾ ਕਰ ਰਹੇ ਇਹ ਭਾਰਤੀ ਹੁਣ ਇਕ ਚਰਚ ਦੇ ਆਗੂਆਂ ਦਾ ਸਹਾਰਾ ਵੀ ਲੈ ਰਹੇ ਹਨ ਤਾਂ ਕਿ ਕਿਸੇ ਪਾਸਿਓਂ ਕੋਈ ਰਸਤਾ ਨਿਕਲ ਆਵੇ ਅਤੇ ਉਹ ਇਥੇ ਰਹਿ ਕੇ ਆਪਣਾ ਜੀਵਨ ਬਣਾ ਸਕਣ।

ਕੈਨੇਡਾ ਦੇ ਕਿਊਬਿਕ ’ਚ ਮਸਜਿਦ ਵਿੱਚ ਫਾਇਰਿੰਗ

ਕੈਨੇਡਾ ਦੇ ਕਿਊਬਿਕ ਸ਼ਹਿਰ ਵਿੱਚ ਮਸਜਿਦ ਵਿੱਚ ਫਾਇਰਿੰਗ ਕਰ ਕੇ ਪੰਜ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸਲਾਮਿਕ ਕਲਚਰਲ ਸੈਂਟਰ ਵਿੱਚ ਜਿਸ ਵਕਤ ਇਹ ਘਟਨਾ ਹੋਈ ਉੱਥੇ 40 ਲੋਕ ਮੌਜੂਦ ਸਨ। ਇਸ ਦੌਰਾਨ 3 ਹਮਲਾਵਰ ਉੱਥੇ ਆਏ ਅਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਆਸਟ੍ਰੇਲੀਆ ‘ਚ ਪੰਜਾਬੀ ਟਰੱਕ ਡਰਾਇਵਰ ਨੇ ਮਹਿਲਾ ਪਲਿਸ ਕਰਮਚਾਰੀ ਨੂੰ ਦਰੜਿਆ

ਆਸਟ੍ਰੇਲੀਆ ਦੇ ਮੈਲਬੋਰਨ ਵਿਚ 26 ਸਾਲਾ ਪੰਜਾਬੀ ਟਰੱਕ ਡਰਾਈਵਰ ਸਮਨਦੀਪ ਸਿੰਘ ਵੱਲੋ ਖਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਕਾਰਨ ਭਿਆਨਕ ਹਾਦਸਾ ਵਾਪਰਿਆ ਅਤੇ ਮਹਿਲਾ ਪੁਲਸ ਕਰਮੀ ਦੀ ਇਕ ਮੌਤ ਹੋ ਗਈ।  ਪੁਲਸ ਨੇ ਇਸ ਮਾਮਲੇ ਵਿਚ ਟਰੱਕ ਡਰਾਈਵਰ ਸਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ । ਪੁਲਸ ਨੇ ਦੋਸ਼ ਲਗਾਏ ਹਨ ਕਿ ਤੇਜ਼ ਰਫਤਾਰ ਹੋਣ ਕਾਰਨ ਟਰੱਕ ਟਰੈਫਿਕ ਦੀ ਲਾਲ ਲਾਈਟ 'ਤੇ ਰੁਕ ਨਹੀਂ ਸਕਿਆ ਅਤੇ ਇਕ ਮੋਟਰ ਸਾਈਕਲ ਦੇ ਪਿੱਛੇ ਟੱਕਰ ਮਾਰ ਦਿੱਤੀ ਅਤੇ ਉਸ 'ਤੇ ਸਵਾਰ ਮਹਿਲਾ ਪੁਲਸ ਕਰਮਚਾਰੀ ਨੂੰ ਘੜੀਸਦਾ ਹੋਇਆ ਲੈ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਟਰੱਕ ਹੇਠਾਂ ਫਸੀ ਮਹਿਲਾ ਪੁਲਸ ਕਰਮਚਾਰੀ ਦੀ ਲਾਸ਼ ਨੂੰ ਬਾਹਰ ਕੱਢਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
 

ਆਸਟ੍ਰੇਲੀਆ ‘ਚ ਪੰਜਾਬੀ ਟਰੱਕ ਡਰਾਇਵਰ ਨੇ ਮਹਿਲਾ ਪਲਿਸ ਕਰਮਚਾਰੀ ਨੂੰ ਦਰੜਿਆ

ਆਸਟ੍ਰੇਲੀਆ ਦੇ ਮੈਲਬੋਰਨ ਵਿਚ 26 ਸਾਲਾ ਪੰਜਾਬੀ ਟਰੱਕ ਡਰਾਈਵਰ ਸਮਨਦੀਪ ਸਿੰਘ ਵੱਲੋ ਖਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਕਾਰਨ ਭਿਆਨਕ ਹਾਦਸਾ ਵਾਪਰਿਆ ਅਤੇ ਮਹਿਲਾ ਪੁਲਸ ਕਰਮੀ ਦੀ ਇਕ ਮੌਤ ਹੋ ਗਈ।  ਪੁਲਸ ਨੇ ਇਸ ਮਾਮਲੇ ਵਿਚ ਟਰੱਕ ਡਰਾਈਵਰ ਸਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ । ਪੁਲਸ ਨੇ ਦੋਸ਼ ਲਗਾਏ ਹਨ ਕਿ ਤੇਜ਼ ਰਫਤਾਰ ਹੋਣ ਕਾਰਨ ਟਰੱਕ ਟਰੈਫਿਕ ਦੀ ਲਾਲ ਲਾਈਟ 'ਤੇ ਰੁਕ ਨਹੀਂ ਸਕਿਆ ਅਤੇ ਇਕ ਮੋਟਰ ਸਾਈਕਲ ਦੇ ਪਿੱਛੇ ਟੱਕਰ ਮਾਰ ਦਿੱਤੀ ਅਤੇ ਉਸ 'ਤੇ ਸਵਾਰ ਮਹਿਲਾ ਪੁਲਸ ਕਰਮਚਾਰੀ ਨੂੰ ਘੜੀਸਦਾ ਹੋਇਆ ਲੈ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਟਰੱਕ ਹੇਠਾਂ ਫਸੀ ਮਹਿਲਾ ਪੁਲਸ ਕਰਮਚਾਰੀ ਦੀ ਲਾਸ਼ ਨੂੰ ਬਾਹਰ ਕੱਢਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
 

Copyright © 2012 Calgary Indians All rights reserved. Terms & Conditions Privacy Policy