ਚੰਡੀਗੜ੍ਹ- ਆਏ ਦਿਨ ਬਲਾਤਕਾਰ, ਛੇੜਛਾੜ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਨ੍ਹਾਂ ਨੂੰ ਸਰਕਾਰ ਵਲੋਂ ਸਖਤ ਕਾਨੂੰਨ ਅਤੇ ਕਦਮਾਂ ਦੇ ਬਾਵਜੂਦ ਨਹੀਂ ਰੋਕਿਆ ਜਾ ਰਿਹਾ। ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਘੇਰੇ 'ਚ ਆਮ ਨਾਗਰਿਕ ਦੇ ਨਾਲ-ਨਾਲ ਪੁਲਸ ਮੁਲਾਜ਼ਮ ਵੀ ਸ਼ਾਮਲ ਹੋ ਗਏ ਹਨ।
ਅਜਿਹੇ 'ਚ ਸਵਾਲ ਇਹ ਉਠਦਾ ਹੈ ਕਿ ਲੜਕੀਆਂ ਦੀ ਸੁਰੱਖਿਆ ਕਰਨ ਵਾਲੇ ਹੀ ਜੇਕਰ ਇਸ ਤਰ੍ਹਾਂ ਦੇ ਕੰਮ ਕਰਣਗੇ ਤਾਂ ਉਹ ਆਪਣੀਆਂ ਸ਼ਿਕਾਇਤਾਂ ਨੂੰ ਲੈ ਕੇ ਕਿਸ ਕੋਲ ਜਾਣਗੀਆਂ। ਅਜਿਹੀ ਹੀ ਇਕ ਘਟਨਾ ਚੰਡੀਗੜ੍ਹ ਦੇ ਸੈਕਟਰ-16 ਵਿਚ ਸਾਹਮਣੇ ਆਈ ਹੈ, ਜਿੱਥੇ ਦੋ ਪੁਲਸ ਕਾਂਸਟੇਬਲ ਨੇ ਪਾਰਕ 'ਚ ਬੈਠੇ ਵਿਦਿਆਰਥੀ ਅਤੇ ਵਿਦਿਆਰਥਣ ਨੂੰ ਧਮਕਾਇਆ ਕਿ ਤੁਹਾਡੇ ਦੋਹਾਂ ਖਿਲਾਫ ਕਿਸੇ ਨੇ ਸ਼ਿਕਾਇਤ ਦਿੱਤੀ ਹੈ। ਇਸ ਤੋਂ ਬਾਅਦ ਦੋਹਾਂ ਕਾਂਸਟੇਬਲਾਂ ਨੇ ਵਿਦਿਆਰਥੀ ਦੀ ਜੇਬ ਤੋਂ 200 ਰੁਪਏ ਕੱਢ ਲਏ ਅਤੇ ਵਿਦਿਆਰਥਣ ਦੇ ਕੰਨ ਦੇ ਝੁਮਕੇ ਉਤਰਵਾ ਲਏ।
ਦੋਸ਼ੀ ਦੋਹਾਂ ਕਾਂਸਟੇਬਲਾਂ 'ਚੋਂ ਇਕ ਨੇ ਵਿਦਿਆਰਥਣ ਦਾ ਫੋਨ ਨੰਬਰ ਲਿਆ ਅਤੇ ਕਿਹਾ ਕਿ ਅਗਲੇ ਦਿਨ 1000 ਰੁਪਏ ਦੇ ਕੇ ਝੁਮਕੇ ਲੈ ਜਾਵੇ। ਬਸ ਇਨ੍ਹਾਂ ਹੀ ਨਹੀਂ ਦੋਹਾਂ ਨੇ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਬਣਾਇਆ। ਵਿਦਿਆਰਥਣ ਨੇ ਪੈਸੇ ਨਾ ਦੇਣ ਲਈ ਆਪਣੀ ਅਸਮਰੱਥਾ ਜ਼ਾਹਰ ਕੀਤੀ। ਦੋਸ਼ੀ ਕਾਂਸਟੇਬਲਾਂ ਨੇ ਕਿਹਾ ਕਿ ਜੇਕਰ ਪੈਸੇ ਨਹੀਂ ਦੇ ਸਕਦੀ ਤਾਂ ਹੋਟਲ ਚੱਲ, ਤਾਂ ਹੀ ਝੁਮਕੇ ਵਾਪਸ ਮਿਲਣਗੇ। ਵਿਦਿਆਰਥਣ ਨੇ ਸਾਰੀਆਂ ਗੱਲਾਂ ਫੋਨ 'ਤੇ ਰਿਕਾਰਡ ਕਰ ਕੇ ਪੁਲਸ ਨੂੰ ਦਿੱਤੀਆਂ। ਪੁਲਸ ਨੇ ਦੋਹਾਂ ਵਿਦਿਆਰਥੀ ਅਤੇ ਵਿਦਿਆਰਥਣ ਨੂੰ ਸੈਕਟਰ-43 ਦੇ ਚੌਕੀ ਇੰਚਾਰਜ ਐਸ. ਆਈ. ਸ਼ੇਰ ਸਿੰਘ ਕੋਲ ਭੇਜ ਦਿੱਤਾ।
ਪੀੜਤ ਵਿਦਿਆਰਥਣ ਅਤੇ ਵਿਦਿਆਰਥੀ ਨੇ ਆਪਣੀ ਸ਼ਿਕਾਇਤ ਵਿਚ ਪੁਲਸ ਨੂੰ ਦੱਸਿਆ ਕਿ ਸੈਕਟਰ-16 'ਚ ਅਸੀਂ ਦੋਵੇਂ ਬੈਠੇ ਸੀ ਤਾਂ ਦੋ ਕਾਂਸਟੇਬਲ ਆਏ ਅਤੇ ਸਾਨੂੰ ਧਮਕਾਉਣ ਲੱਗੇ ਅਤੇ ਸਾਨੂੰ ਕਹਿਣ ਲੱਗੇ ਕਿ ਤੁਹਾਡੇ ਖਿਲਾਫ ਕਿਸੇ ਨੇ ਸ਼ਿਕਾਇਤ ਕੀਤੀ ਹੈ, ਇਸ ਲਈ ਥਾਣੇ ਜਾਣਾ ਪਵੇਗਾ। ਸਾਡੇ ਕੋਲੋਂ 5000 ਰੁਪਏ ਵੀ ਮੰਗਣ ਲੱਗ ਪਏ। ਪੀੜਤ ਵਿਦਿਆਰਥੀ ਨੇ ਦੱਸਿਆ ਕਿ ਇਕ ਕਾਂਸਟੇਬਲ ਨੇ ਮੇਰੀ ਜੇਬ ਦੀ ਤਲਾਸ਼ੀ ਲਈ ਅਤੇ 200 ਰੁਪਏ ਕੱਢ ਲਏ। ਅਗਲੇ ਦਿਨ ਉਨ੍ਹਾਂ ਦੋਹਾਂ ਕਾਂਸਟੇਬਲਾਂ ਨੇ ਮੇਰੀ ਸਹਿਪਾਠੀ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਹੋਟਲ 'ਚ ਬਲਾਉਣ ਅਤੇ ਸਰੀਰਕ ਸੰਬੰਧ ਬਣਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਸ ਨੂੰ ਦਿੱਤੀ ਸੀ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਸ ਸਾਰੀ ਘਟਨਾ ਦਾ ਪਰਦਾਫਾਸ਼ ਕਰਨ ਲਈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸੈਕਟਰ-43 ਦੇ ਪੁਲਸ ਚੌਕੀ ਇੰਚਾਰਜ ਸ਼ੇਰ ਸਿੰਘ ਦੇ ਕਹਿਣ 'ਤੇ ਵਿਦਿਆਰਥੀ ਨੇ ਦੋਸ਼ੀ ਕਾਂਸਟੇਬਲ ਨੂੰ ਸੈਕਟਰ-43 ਦੇ ਬੱਸ ਸਟੈਂਡ ਬੁਲਾਇਆ। ਜਿੱਥੇ ਪੁਲਸ ਨੇ ਜਾਲ ਵਿਛਾ ਕੇ ਦੋਸ਼ੀ ਕਾਂਸਟੇਬਲ ਨੂੰ ਫੜ ਲਿਆ। ਪਹਿਲਾਂ ਤਾਂ ਉਹ ਆਪਣੇ ਆਪ ਨੂੰ ਸਕਿਓਰਿਟੀ ਗਾਰਡ ਕਹਿ ਰਿਹਾ ਸੀ ਪਰ ਬਾਅਦ 'ਚ ਉਸ ਨੇ ਕਬੂਲਿਆ ਕਿ ਉਹ ਕਾਂਸਟੇਬਲ ਹੈ। ਇਸ ਤੋਂ ਬਾਅਦ ਉਸ ਦੇ ਸਾਥੀ ਕਾਂਸਟੇਬਲ ਨੂੰ ਵੀ ਦੇਰ ਰਾਤ ਪੁਲਸ ਨੇ ਗ੍ਰਿਫਤਾਰ ਕਰ ਲਿਆ।