ਨਵਾਂਸ਼ਹਿਰ - ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਅਸਲ ਲੋਕਰਾਜ ਕਾਇਮ ਕਰਨ ਲਈ ਵਚਨਬੱਧ ਹੈ ਅਤੇ ਪਿਛਲੇ ਸਮੇਂ ਵਿੱਚ ਗਣਰਾਜ ਦੇ ਸਹੀ ਅਰਥਾਂ ਮੁਤਾਬਕ ਸੂਬੇ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸ. ਸੁਰਜੀਤ ਸਿੰਘ ਰੱਖੜਾ ਨੇ ਆਈ.ਟੀ.ਆਈ. ਸਟੇਡੀਅਮ ਨਵਾਂਸ਼ਹਿਰ ਵਿਖੇ 65ਵੇਂ ਗਣਤੰਤਰ ਦਿਵਸ ਸਮਾਗਮ ਦੌਰਾਨ ਝੰਡਾ ਲਹਿਰਾਉਣ ਉਪਰੰਤ ਆਪਣੇ ਸੰਦੇਸ਼ ਵਿੱਚ ਕੀਤਾ।
ਉਨ੍ਹਾਂ ਕਿਹਾ ਕਿ ਰਾਜ ਦੇ ਉਤਸ਼ਾਹੀ ਅਤੇ ਦੂਰਅੰਦੇਸ਼ੀ ਉੱਪ ਮੁੱਖ ਮੰਤਰੀ ਦੀਆਂ ਲੋਕ ਅਤੇ ਰਾਜ ਪੱਖੀ ਯੋਜਨਾਵਾਂ ਤਹਿਤ ਨੌਜੁਆਨਾਂ ਨੂੰ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਲਈ ਨਿਵੇਸ਼ ਸੰਮੇਲਨ, ਆਉਂਦੀ ਫ਼ਰਵਰੀ ਵਿੱਚ ਖੇਤੀ ਸੰਮੇਲਨ, ਸਿਹਤ ਸੰਸਥਾਂਵਾਂ ਵਿੱਚ ਨਵੀਨਤਮ ਤਕਨਾਲੋਜੀ ਤੇ ਸੁਧਾਰ, ਸਿੱਖਿਆ ਦੇ ਖੇਤਰ ਵਿੱਚ ਢਾਂਚਾਗਤ ਸੁਧਾਰ, ਡਾ. ਹਰਗੋਬਿਮਦ ਖੁਰਾਣਾ ਵਜੀਫ਼ਾ, ਵਿਦਿਆਰਥਣਾਂ ਨੂੰ ਸਾਈਕਲਾਂ ਦੀ ਵੰਡ ਆਦਿ ਸਰਕਾਰ ਦੀ ਲੋਕਪੱਖੀ ਸੋਚ ਅਤੇ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਸੱਚ ਕਰਨ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹਨ।
ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਅੱਜ ਵੀ ਸਾਨੂੰ ਉਨ੍ਹਾਂ ਵਾਅਦਿਆਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੂੰ ਪੂਰਾ ਕਰਨਾ ਹਰੇਕ ਸਰਕਾਰ ਦਾ ਰਾਜ ਧਰਮ ਹੈ। ਉਨ੍ਹਾਂ ਕਿਹਾ ਕਿ ਦੋਆਬੇ ਦੀ ਧਰਤੀ ਜਿੱਥੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਕਰਕੇ ਜਾਣੀ ਜਾਂਦੀ ਹੈ, ਉੱਥੇ ਇਸ ਧਰਤੀ ਤੋਂ ਉੱਠੀਆਂ ਲਹਿਰਾਂ ਬੱਬਰ ਅਕਾਲੀ ਲਹਿਰ, ਗਦਰ ਲਹਿਰ ਅਤੇ ਪਗੜੀ ਸੰਭਾਲ ਜੱਟਾ ਨੇ ਪੂਰੇ ਦੇਸ਼ ਵਿੱਚ ਅਜ਼ਾਦੀ ਦੀ ਚਿਣਗ ਨੂੰ ਬਾਲਿਆ ਅਤੇ ਦੇਸ਼ ਦੀ ਅਜ਼ਾਦੀ ਪ੍ਰਾਪਤੀ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਫ਼ਨਿਆਂ ਮੁਤਾਬਕ ਮੁਕੰਮਲ ਲੋਕ ਰਾਜ ਲਾਗੂ ਕਰਨ ਲਈ ਵਚਨਬੱਧ ਹੋਣ ਦੇ ਨਾਲ ਸੂਬੇ ਨੂੰ ਹਰ ਪੱਖ ਤੋਂ ਦੇਸ਼ ਦੇ ਨੰਬਰ ਇੱਕ ਸੂਬੇ ਵਜੋਂ ਵਿਕਸਿਤ ਕਰਨ ਲਈ ਯਤਨਸ਼ੀਲ ਹੈ ਅਤੇ ਇਸ ਲਈ ਲੋਕਾਂ ਦੇ ਵੀ ਸਹਿਯੋਗ ਅਤੇ ਹੌਂਸਲਾ ਅਫ਼ਜਾਈ ਵਜੋਂ ਸਰਕਾਰ ਦੀ ਪਿੱਠ 'ਤੇ ਖੜਨ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਵੀ ਤਰੱਕੀ ਦੀਆਂ ਪਲਾਘਾਂ ਪੁੱਟ ਰਿਹਾ ਹੈ। ਨਵਾਂਸ਼ਹਿਰ ਵਿਖੇ 100 ਬਿਸਤਰਿਆਂ ਦਾ ਹਸਪਤਾਲ ਛੇਤੀ ਹੀ ਲੋਕਾਂ ਨੂੰ ਸਮਰਪਿਤ ਹੋ ਰਿਹਾ ਹੈ ਅਤੇ ਕਾਠਗੜ੍ਹ ਤੇ ਰਾਹੋਂ ਵਿਖੇ 25-25 ਬਿਸਤਰਿਆਂ ਦੇ ਨਵੇਂ ਹਸਪਤਾਲ ਉਸਾਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸ ਮੌਕੇ ਮੁੱਖ ਮਹਿਮਾਨ ਨੂੰ ਸ਼ਾਨਦਾਰ ਮਾਰਚ ਪਾਸਟ ਨਾਲ ਸਲਾਮੀ ਦੇਣ ਵਾਲੀ ਪਰੇਡ ਦੀ ਅਗਵਾਈ ਡੀ.ਐਸ.ਪੀ. ਮਿਸ ਰੁਪਿੰਦਰ ਕੌਰ ਭੱਟੀ ਨੇ ਕੀਤੀ। ਪਰੇਡ ਵਿੱਚ ਸ਼ਾਮਿਲ ਟੁਕੜੀਆਂ ਦੀ ਅਗਵਾਈ ਏ.ਐਸ.ਆਈ. ਸੁਰਿੰਦਰ ਪਾਲ, ਹਰਮਿੰਦਰ ਸਿੰਘ, ਟ੍ਰੈਫ਼ਿਕ ਪੁਲੀਸ ਦੇ ਏ.ਐਸ.ਆਈ. ਰਤਨ ਸਿੰਘ, ਹੈੱਡ ਕਾਂਸਟੇਬਲ ਅਮਰਜੀਤ ਕੌਰ, ਸੇਵਾ ਮੁਕਤ ਸੂਬੇਦਾਰ ਮੇਜਰ ਪ੍ਰੇਮ ਨਾਥ, ਐਨ.ਸੀ.ਸੀ. ਅੰਡਰ ਆਫ਼ੀਸਰਾਂ ਤਰਲੋਕ ਦਾਸ(ਸਰਕਾਰੀ ਸਕੂਲ ਰਾਹੋਂ), ਵਿਕਾਸ ਯਾਦਵ (ਦੋਆਬਾ ਆਰੀਆ ਸਕੂਲ), ਪੰਕਜ ਦੁੱਗਲ ( ਜੇ.ਐਸ.ਐਚ.ਐਫ਼.ਖਾਲਸਾ ਸਕੂਲ), ਐਨ.ਐਸ.ਐਸ. ਵਾਲੰਟੀਅਰ ਇਸ਼ਾਨ ਭਾਟੀਆ (ਸ਼ਿਵਾਲਿਕ ਪਬਲਿਕ ਸਕੂਲ), ਆਰੀਅਨ ਤੇ ਪ੍ਰਭ ਜੋਤ ਕੌਰ (ਜਵਾਹਰ ਨਵੋਦਿਆ ਵਿਦਿਆਲਿਆ) ਨੇ ਕੀਤੀ। ਇਸ ਮੌਕੇ ਕੇ.ਸੀ. ਸਕੂਲ ਦੀ ਬੈਂਡ ਟੁਕੜੀ ਨੇ ਕੌਮੀ ਗੀਤ ਦੀ ਧੁੰਨ ਵਜਾਈ।
ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਅਤੇ ਸਵੈ-ਸੇਵੀ ਸੰਸਥਾਂਵਾਂ ਦੀ ਕਾਰਗੁਜ਼ਾਰੀ ਨੂੰ ਦਰਸਾਉਂਦੀਆਂ ਝਾਕੀਆਂ ਵਿੱਚ ਸਾਂਝ ਕੇਂਦਰ, ਸਰਵ ਸਿੱਖਿਆ ਅਭਿਆਨ ਤੇ ਪ੍ਰਵੇਸ਼ ਪ੍ਰਾਜੈਕਟ, ਮਨਰੇਗਾ, ਪੰਜਾਬ ਗਰੀਨਿੰਗ ਮਿਸ਼ਨ, ਸਿਹਤ ਵਿਭਾਗ ਦਾ ਨਸ਼ਿਆਂ ਵਿਰੁੱਧ ਸੁਨੇਹਾ ਤੇ 108 ਐਂਬੂਲੈਂਸ, ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਖਟਖੜਾ ਕਲਾਂ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਜਗੁਰੂ ਤੇ ਸੁਖਦੇਵ, ਮਾਰਕਫ਼ੈਡ ਉਤਪਾਦਾਂ, ਨੇਤਰਦਾਨ ਸੰਸਥਾ ਨਵਾਂਸ਼ਹਿਰ, ਬਲੱਡ ਬੈਂਕ ਸੁਸਾਇਟੀ ਨਵਾਂਸ਼ਹਿਰ, ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਵਾਂਸ਼ਹਿਰ, ਚੋਣ ਜਾਗਰੂਕਤਾ ਤੇ ਬੇਗਮਪੁਰ ਸੁਸਾਇਟੀ ਦੀ ਬੇਲਰ ਸਬੰਧੀ ਝਾਕੀ ਸ਼ਾਮਿਲ ਸੀ।
ਪੀ.ਟੀ. ਸ਼ੋਅ ਵਿੱਚ ਸਰਕਾਰੀ ਸਕੂਲ ਨਵਾਂਸ਼ਹਿਰ, ਸਰਕਾਰੀ ਸਕੂਲ ਲੰਗੜੋਆ, ਸਰਕਾਰੀ ਸਕੂਲ ਰਾਹੋਂ (ਕੰਨਿਆ), ਸਰਕਾਰੀ ਸਕੂਲ ਜਾਡਲਾ, ਸ਼ਿਵਾਲਿਕ ਸਕੂਲ ਨਵਾਂਸ਼ਹਿਰ, ਆਦਰਸ਼ ਬਾਲ ਵਿਦਿਆਲਾ ਨਵਾਂਸ਼ਹਿਰ, ਬੱਬਰ ਕਰਮ ਸਿੰਘ ਸਕੂਲ ਦੌਲਤਪੁਰ ਤੇ ਦੋਆਬਾ ਸਿੱਖ ਨੈਸ਼ਨਲ ਸਕੂਲ ਨਵਾਂਸ਼ਹਿਰ ਨੇ ਸ਼ਮੂਲੀਅਤ ਕੀਤੀ। ਸਭਿਆਚਾਰਕ ਪ੍ਰੋਗਰਾਮ ਵਿੱਚ ਡੀ.ਏ.ਵੀ. ਸਕੂਲ ਨਵਾਂਸ਼ਹਿਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਸਕਾਲਰ ਪਬਲਿਕ ਸਕੂਲ ਜਾਡਲਾ, ਤਾਰਾ ਸਿੰਘ ਕਾਹਮਾ ਰੈੱਡ ਕਰਾਸ ਸਕੂਲ, ਸੇਂਟ ਜੋਸਫ਼ ਸਕੂਲ ਨਵਾਂਸ਼ਹਿਰ ਵੱਲੋਂ ਐਕਸ਼ਨ ਗੀਤ/ਕੋਰੀਓਗ੍ਰਾਫ਼ੀਆਂ, ਆਰ.ਕੇ.ਆਰੀਆ ਕਾਲਜ, ਬੀ.ਐਲ.ਐਮ. ਗਰਲਜ਼ ਕਾਲਜ ਤੇ ਡੀ.ਏ.ਐਨ. ਕਾਲਜ ਆਫ਼ ਐਜੂਕੇਸ਼ਨ ਵੱਲੋਂ ਸਾਂਝੇ ਤੌਰ 'ਤੇ ਤਿਆਰ ਗਿੱਧੇ ਅਤੇ ਸ਼ਿਵਾਲਿਕ ਪਬਲਿਕ ਸਕੂਲ ਵੱਲੋਂ ਭੰਗੜੇ ਰਾਹੀਂ ਸ਼ਮੂਲੀਅਤ ਕੀਤੀ ਗਈ।
ਦਲੇਰ ਖਾਲਸਾ ਗੱਤਕਾ ਗਰੁੱਪ ਨਵਾਂਸ਼ਹਿਰ ਵੱਲੋਂ ਮਾਰਸ਼ਲ ਆਰਟ ਗੱਤਕੇ ਦੇ ਦਿਖਾਏ ਕਰਤੱਬਾਂ ਨੇ ਵਿਅਿਦਾਰਥੀਆਂ ਅਤੇ ਮਹਿਮਾਨਾਂ ਦਾ ਵਿਸ਼ੇਸ਼ ਤੌਰ 'ਤੇ ਧਿਆਨ ਖਿੱਚਿਆ। ਇਸ ਮੌਕੇ ਜ਼ਿਲ੍ਹੇ ਦੇ 9 ਲੋੜਵੰਦ ਵਿਅਕਤੀਆਂ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਤਰਫ਼ੋਂ ਟ੍ਰਾਈ ਸਾਈਕਲਾਂ ਦੀ ਵੰਡ ਵੀ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਜਿੱਥੇ ਸਾਰੀਆਂ ਭਾਗੀਦਾਰ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਜ਼ਿਲ੍ਹੇ ਵਿੱਚ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ 30 ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ, ਐਸ.ਐਸ.ਪੀ. ਸ੍ਰੀਮਤੀ ਧੰਨਪ੍ਰੀਤ ਕੌਰ, ਏ.ਡੀ.ਸੀ. ਅਮਰਜੀਤ ਪਾਲ, ਸੀਨੀਅਰ ਅਕਾਲੀ ਆਗੂ ਸਤਿੰਦਰ ਕੌਰ ਕਰੀਹਾ, ਸਾਬਕਾ ਵਿਧਾਇਕ ਮੋਹਣ ਸਿੰਘ ਬੰਗਾ ਤੇ ਜਗਤੇਸ਼ਵਰ ਸਿੰਘ ਮਜੀਠੀਆ ਵੱਲੋਂ ਮੁੱਖ ਮਹਿਮਾਨ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸੁਖਵਿੰਦਰ ਕੁਮਾਰ ਸੁੱਖੀ ਅਤੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ੍ਰੀ ਸਤਵਿੰਦਰ ਸਿੰਘ ਚਾਹਲ ਵੀ ਮੌਜੂਦ ਸਨ।