ਮੁਕਤਸਰ-ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਆਮ ਆਦਮੀ ਪਾਰਟੀ (ਆਪ) 'ਚ ਸ਼ਾਮਲ ਹੋਣ ਤੋਂ ਇਨਕਾਰ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਉਹ ਕਾਂਗਰਸ ਦੇ ਕੱਟੜ ਵਰਕਰ ਅਤੇ ਅਨੁਸ਼ਾਸਿਤ ਸਿਪਾਹੀ ਹਨ।
ਬਰਾੜ ਨੇ ਸੋਮਵਾਰ ਨੂੰ ਇਥੇ ਆਪਣੇ ਘਰ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਾਰਟੀ ਨੇ ਟਿਕਟ ਦਿੱਤਾ ਤਾਂ ਉਹ ਫਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ ਲੜਨਗੇ। ਉਨ੍ਹਾਂ ਨੇ ਇਸ ਲਈ ਅਰਜ਼ੀ ਵੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਜੰਗ ਸ਼ੁਰੂ ਕੀਤੀ ਸੀ ਅਤੇ ਅੱਜ ਵੀ ਉਹ ਇਸਦੇ ਖਿਲਾਫ ਖੜ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡਰੱਗ ਰੈਕਟ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਰੱਦ ਕਰਕੇ ਚੰਗਾ ਨਹੀਂ ਕੀਤਾ ਕਿਉਂਕਿ ਨਸ਼ਾਖੋਰੀ ਦੇ ਧੰਦੇ 'ਚ ਸ਼ਾਮਲ ਪ੍ਰਭਾਵਸ਼ਾਲੀ ਲੋਕਾਂ ਦਾ ਵੀ ਪਰਦਾਫਾਸ਼ ਹੋਣਾ ਚਾਹੀਦਾ ਹੈ।
ਨਸ਼ਿਆਂ ਦੇ ਧੰਦੇ 'ਚ ਕਈ ਰਾਜਨੇਤਾ ਵੀ ਸ਼ਾਮਲ ਹਨ। ਇਸ ਲਈ ਜਾਂਚ ਮਹੱਤਵ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀ ਪਾਰਟੀ ਨੂੰ ਇਕਜੁੱਟ ਰਹਿਣ ਦੀ ਲੋੜ ਹੈ ਨਹੀਂ ਤਾਂ ਲੋਕ ਸਭਾ ਚੋਣਾਂ 'ਚ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ।