ਫਾਜ਼ਿਲਕਾ — ਫਾਜ਼ਿਲਕਾ ਸੈਕਟਰ ਦੀ ਭਾਰਤ-ਪਾਕਿ ਸਰਹੱਦ ਦੀ ਸਾਦਕੀ ਚੌਂਕੀ 'ਤੇ ਲਗਭਗ 12 ਹਜ਼ਾਰ ਭਾਰਤੀ ਅਤੇ ਪਾਕਿਸਤਾਨੀ ਲੋਕਾਂ ਨੇ ਗਣਤੰਤਰ ਦਿਵਸ ਸਮਾਰੋਹ ਦੇਖਿਆ। ਇਸ ਸਮਾਰੋਹ 'ਚ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਮੁੱਖ ਮਹਿਮਾਨ ਰਹੇ ਅਤੇ ਸਮਾਹੋਰ ਦੀ ਪ੍ਰਧਾਨਗੀ ਬੀ. ਐੱਸ. ਐੱਫ. ਦੇ ਡੀ. ਆਈ. ਜੀ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ ਵਲੋਂ ਕੀਤੀ ਗਈ।
ਜਾਣਕਾਰੀ ਦਿੰਦੇ ਸ਼੍ਰੀ ਭਾਟੀ ਨੇ ਦੱਸਿਆ ਕਿ ਜਿਆਣੀ ਨੇ ਦੋਹਾਂ ਦੇਸ਼ਾਂ ਦੇ ਜਵਾਨਾਂ ਦੀ ਸਲਾਮੀ ਲੈਣ ਤੋਂ ਬਾਅਦ 'ਰਿਟਰੀਟ' ਸੈਰਾਮਣੀ ਨੂੰ ਦੇਖਿਆ। ਇਸ ਮੌਕੇ ਹਜ਼ਾਰਾਂ ਭਾਰਤੀ ਦੇਸ਼ ਭਗਤਾਂ ਨੇ 'ਭਾਰਤ ਮਾਤਾ' ਦੀ ਜੈ ਦੇ ਜੈਕਾਰੇ ਲਗਾਏ। ਮਹਿਮਾਨਾਂ ਵਲੋਂ ਜ਼ੀਰੋ ਲਾਈਨ 'ਤੇ ਜਾ ਕੇ ਬੀ. ਐੱਸ. ਐੱਫ. ਦੇ ਜਵਾਨਾਂ ਦੇ ਨਾਲ-ਨਾਲ ਪਾਕਿਸਤਾਨੀ ਰੇਂਜਰਾਂ 'ਚ ਵੀ ਮਿਠਾਈ ਵੰਡੀ। ਪਾਕਿਸਤਾਨੀ ਰੇਂਜਰ ਅਧਿਕਾਰੀਆਂ ਨੇ ਭਾਰਤੀ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਪਰਮਾਤਮਾਂ ਤੋਂ ਦੋਹਾਂ ਦੇਸ਼ਾ ਦੀ ਤਰੱਕੀ ਅਤੇ ਸੁਖ ਸ਼ਾਤੀ ਲਈ ਅਰਦਾਸ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਜਿਆਣੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਫਾਜ਼ਿਲਕਾ ਦੇ ਬਾਡਰ ਨੂੰ ਹੋਰ ਸੁੰਦਰ ਬਨਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਫਾਜ਼ਿਲਕਾ ਦੇ ਇਸ ਬਾਡਰ ਨੂੰ ਵਪਾਰ ਲਈ ਖੁਲਾਉਣ ਵਾਸਤੇ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਜੇਕਰ ਭਾਰਤ 'ਚ ਕੋਈ ਬਾਰਡਰ ਪਾਕਿਸਤਾਨ ਨਾਲ ਵਪਾਰ ਲਈ ਖੋਲ੍ਹਿਆ ਜਾਵੇਗਾ ਤਾਂ ਉਹ ਫਾਜ਼ਿਲਕਾ ਦਾ ਸਾਦਕੀ ਬਾਰਡਰ ਹੀ ਹੋਵੇਗਾ। ਇਸ ਮੌਕੇ ਬੀ. ਐੱਸ. ਐੱਫ. ਦੇ ਡੀ. ਆਈ. ਜੀ. ਅਸ਼ਵਨੀ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਕੂਲੀ ਬੱਚਿਆ ਅਤੇ ਕਾਲਜ ਦੇ ਵਿਦਿਆਥੀਆਂ ਨੂੰ ਬਾਰਡਰ ਦਿਖਾਉਣ ਲਈ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਫਾਜ਼ਿਲਕਾ ਤੋਂ ਮੁਫਤ ਬੀ. ਐੱਸ. ਐੱਫ. ਦੀਆਂ ਬੱਸਾਂ ਚਲਾਇਆ ਜਾਣਗੀਆਂ।