ਨਵਾਂਸ਼ਹਿਰ - ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਵੱਲੋਂ 26 ਜਨਵਰੀ ਨੂੰ ਆਈ.ਟੀ.ਆਈ. ਸਟੇਡੀਅਮ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਝੰਡਾ ਲਹਿਰਾਏ ਜਾਣ ਦੇ ਮੱਦੇਨਜ਼ਰ ਅੱਜ ਸ਼ਾਮ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।ਉਨ੍ਹਾਂ ਇਸ ਮੌਕੇ ਵਿਭਾਗ ਵਾਰ ਅਧਿਕਾਰੀਆਂ ਨੂੰ ਸੌਂਪੀਆਂ ਜ਼ਿੰਮੇਂਵਾਰੀਆਂ ਅਨੁਸਾਰ ਪ੍ਰਗਤੀ ਪੁੱਛੀ। ਉਨ੍ਹਾਂ ਦੱਸਿਆ ਕਿ ਦੇਸ਼ ਦੇ 65 ਵੇਂ ਗਣਤੰਤਰ ਦਿਵਸ ਸਮਾਗਮ ਲਈ ਆਈ.ਟੀ.ਆਈ. ਸਟੇਡੀਅਮ ਪੂਰਾ ਤਿਆਰ ਹੈ ਅਤੇ ਸਾਰੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਰੱਖੜਾ ਗਣੰਤਤਰ ਦਿਵਸ ਸਮਾਗਮ ਤੋਂ ਤੁਰੰਤ ਬਾਅਦ ਰਾਜਾ ਹਸਪਤਾਲ ਨਵਾਂਸ਼ਹਿਰ ਦੇ ਸਾਹਮਣੇ ਪੰਚਾਇਤ ਵਿਭਾਗ ਵੱਲੋਂ ਬਣਾਏ ਜਾਣ ਵਾਲੇ ਗੈਸਟ ਹਾਊਸ ਦਾ ਨੀਂਹ ਪੱਥਰ ਵੀ ਰੱਖਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ 23 ਸਕੂਲਾਂ/ਕਾਲਜਾਂ ਦੀਆਂ ਟੀਮਾਂ ਭਾਅ ਲੈ ਰਹੀਆਂ ਹਨ ਜੋ ਕਿ ਪਰੇਡ ਤੇ ਸਭਿਆਚਾਰਕ ਸਮਾਗਮ ਵਿੱਚ ਸ਼ਮੂਲੀਅਤ ਕਰਨਗੀਆਂ। ਇਨ੍ਹਾਂ 'ਚੋਂ ਤਿੰਨ ਕਾਲਜਾਂ ਦੀਆਂ ਟੀਮਾਂ ਦਾ ਸਾਂਝਾ ਗਿੱਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਪੇਸ਼ਕਾਰੀਆਂ ਲਈ ਬਾਕਾਇਦਾ ਸਾਰੀਆਂ ਟੀਮਾਂ ਦੀ ਰੀਹਰਸਲ ਕਰਵਾਈ ਗਈ ਹੈ। ਇਸ ਤੋਂ ਇਲਾਵਾ ਗਣਤੰਤਰ ਦਿਵਸ ਦੌਰਾਨ ਗੱਤਕੇ ਦੇ ਕਰਤੱਬ ਵਿਸ਼ੇਸ਼ ਆਕਰਸ਼ਣ ਹੋਣਗੇ। ਡਿਪਟੀ ਕਮਿਸ਼ਨਰ ਅਨੁਸਾਰ ਇਸ ਮੌਕੇ ਵੱਖ-ਵੱਖ ਵਿਭਾਗਾਂ ਅਤੇ ਸਵੈ-ਸੇਵੀ ਸੰਸਥਾਂਵਾਂ ਦੀਆਂ ਝਾਕੀਆਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ ਅਤੇ ਜ਼ਿਲ੍ਹੇ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਦਾ ਪ੍ਰਗਟਾਵਾ ਕਰਨਗੀਆਂ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਬ ਡਵੀਜ਼ਨ ਪੱਧਰ 'ਤੇ ਬੰਗਾ ਅਤੇ ਬਲਾਚੌਰ ਵਿਖੇ ਵੀ ਗਣਤੰਤਰ ਦਿਵਸ ਮਨਾਇਆ ਜਾਵੇਗਾ ਜਿੱਥੇ ਝੰਡਾ ਲਹਿਰਾਉਣ ਦੀ ਰਸਮ ਉੱਥੋਂ ਦੇ ਐਸ.ਡੀ.ਐਮ. ਕਰਨਗੇ। ਡਿਪਟੀ ਕਮਿਸ਼ਨਰ ਅਨੁਸਾਰ ਮੁੱਖ ਮਹਿਮਾਨ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਪਹਿਲਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਿਊਜ਼ੀਅਮ ਖਟਕੜ ਕਲਾਂ ਵਿਖੇ ਵੀ ਜਾਣਗੇ ਜਿੱਥੇ ਉਹ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ ਅੱਗੇ ਨਤਮਸਤਕ ਹੋਣ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ 'ਤੇ ਵੀ ਸ਼ਰਧਾ ਸੁਮਨ ਭੇਟ ਕਰਨਗੇ।
ਮੀਟਿੰਗ ਵਿੱਚ ਏ.ਡੀ.ਸੀ. ਅਮਰਜੀਤ ਪਾਲ, ਐਸ.ਡੀ.ਐਮ. ਨਵਾਂਸ਼ਹਿਰ ਡਾ. ਨਿਧੀ ਕਲੋਤਰਾ, ਜ਼ਿਲ੍ਹਾ ਟ੍ਰਾਂਸਪੋਰਟ ਅਫ਼ਸਰ ਮਨਜੀਤ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਸ਼ਿਵ ਕੁਮਾਰ, ਡਿਪਟੀ ਡੀ.ਈ.ਓ. ਕਰਤਾਰ ਸਿੰਘ, ਤਹਿਸੀਲਦਾਰ ਨਵਾਂਸ਼ਹਿਰ ਅਮਰਜੀਤ ਸਿੰਘ, ਈ.ਓ. ਸੁਰਜੀਤ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।