ਨਵਾਂਸ਼ਹਿਰ -ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਅੱਜ ਇੱਥੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਅਤੇ ਪੰਚਾਇਤ ਭਵਨ ਦਾ ਨੀਂਹ ਪੱਥਰ ਰੱਖਣ ਉਪਰੰਤ ਦੱਸਿਆ ਕਿ3.24 ਕਰੋੜ ਰੁਪਏ ਨਾਲ ਬਣਨ ਵਾਲੇ ਇਸ ਕੰਪਲੈਕਸ ਨੂੰ ਇੱਕ ਸਾਲ ਵਿੱਚ ਮੁਕੰਮਲ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਲੰਮੇ ਸਮੇਂ ਤੋਂ ਇਸ ਕੰਪਲੈਕਸ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਜੋ ਕਿ ਹੁਣ ਇਸ ਦੇ ਮੁਕੰਮਲ ਹੋਣ ਨਾਲ ਪੂਰੀ ਹੋ ਜਾਵੇਗੀ।
ਉਨ੍ਹਾ ਦੱਸਿਆ ਕਿ ਇਸ ਦੋ ਮੰਜ਼ਿਲਾ ਕੰਪਲੈਕਸ ਦੇ ਧਰਾਤਲ 'ਤੇ ਚੇਅਰਮੈਨ, ਮੁੱਖ ਕਾਰਜਕਾਰੀ ਅਧਿਕਾਰੀ, ਉੱਪ ਮੁੱਖ ਕਾਰਜਕਾਰੀ ਅਧਿਕਾਰੀ, ਪੰਚਾਇਤੀ ਰਾਜ ਨਾਲ ਸਬੰਧਤ ਅਧਿਕਾਰੀਆਂ ਦੇ ਦਫ਼ਤਰ ਹੋਣਗੇ ਜਦਕਿ ਉਪਰਲੀ ਮੰਜ਼ਿਲ 'ਤੇ ਸ਼ਾਨਦਾਰ ਰੈਸਟ ਹਾਊਸ ਉਸਾਰਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਬੀਬੀ ਸਤਿੰਦਰ ਕੌਰ ਕਰੀਹਾ ਹਲਕਾ ਇੰਚਾਰਜ ਨਵਾਂਸ਼ਹਿਰ, ਸਾਬਕਾ ਵਿਧਾਇਕ ਮੋਹਣ ਸਿੰਘ ਬੰਗਾ, ਅਕਾਲੀ ਆਗੂ ਜਗਤੇਸ਼ਵਰ ਸਿੰਘ ਮਜੀਠੀਆ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ, ਉਨ੍ਹਾਂ ਦੇ ਮੁੱਖ ਸਲਾਹਕਾਰ ਜਸਵਿੰਦਰ ਸਿੰਘ ਚੀਮਾ ਅਤੇ ਹੋਰ ਆਗੂ ਵੀ ਮੌਜੂਦ ਸਨ।
ਉਨ੍ਹਾਂ ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਵੱਲੋਂ ਪਿੰਡਾਂ ਦੇ ਵਿਕਾਸ ਲਈ ਉਲੀਕੀਆਂ ਯੋਜਨਾਵਾਂ ਦਾ ਖੁਲਾਸਾ ਕਰਦਿਆਂ ਆਖਿਆ ਕਿ ਰਾਜ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਪਿੰਡਾਂ ਵਿੱਚ ਸਾਫ-ਸੁਥਰਾ ਮਾਹੌਲ ਪ੍ਰਦਾਨ ਕਰਨ ਲਈ ਛੱਪੜਾਂ ਦੀ ਸਫ਼ਾਈ ਲਈ 400 ਕਰੋੜ ਖਰਚੇ ਜਾ ਰਹੇ ਹਨ ਅਤੇ ਰੂੜੀਆਂ ਲਈ ਵੱਖਰੀ ਥਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਵਿੱਚ ਸੌ ਫੀਸਦੀ ਪੀਣ ਵਾਲਾ ਸਾਫ ਪਾਣੀ ਮੁਹਈਆ ਕਰਵਾਉਣ ਲਈ ਰਾਜ ਸਰਕਾਰ ਨੇ ਯੋਜਨਾ ਉਲੀਕੀ ਹੈ ਅਤੇ ਗਲੀਆਂ, ਨਾਲੀਆਂ ਬਨਾਉਣ ਅਤੇ ਗਰੀਬ ਲੋਕਾਂ ਨੂੰ ਪਖਾਨੇ ਬਣਾਕੇ ਦੇਣ ਲਈ ਵੱਡੀ ਪੱਧਰ 'ਤੇ ਕਾਰਜ ਅਰੰਭਿਆ ਹੈ ਤਾਂ ਜੋ ਪਿੰਡਾਂ ਵਿੱਚ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਸਕਣ।ਉਨ੍ਹਾਂ ਦੱਸਿਆ ਕਿ 6983 ਪਿੰਡਾਂ ਤੇ ਢਾਣੀਆਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 1608.44 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 1794 ਪਿੰਡਾਂ ਵਿੱਚ 206 ਕਰੋੜ ਦੀ ਲਾਗਤ ਨਾਲ ਆਰ.ਓ. ਪਲਾਂਟ ਸਥਾਪਤ ਕੀਤੇ ਗਏ ਹਨ।
ਉਨ੍ਹਾਂ ਹੋਰ ਦੱਸਿਆ ਕਿ ਪੰਚਾਇਤਾਂ ਅਤੇ ਵਿਭਾਗ ਦੇ ਕੰਮ-ਕਾਰ ਵਿੱਚ ਪਾਰਦਰਸ਼ਤਾ ਲਿਆਉਣ ਲਈ ਵਿਭਾਗ ਵੱਲੋਂ ਪੰਚਾਇਤਾਂ ਲਈ ਆਨ ਲਾਈਨ ਖਾਤੇ ਖੋਲ੍ਹੇ ਗਏ ਹਨ ਜਿਸ ਤਹਿਤ ਪੰਚਾਇਤਾਂ ਲਈ ਫੰਡ ਜਾਂ ਗਰਾਂਟ ਦੀ ਰਾਸ਼ੀ ਸਿੱਧੇ ਖਾਤਿਆਂ ਵਿੱਚ ਜਮ੍ਹਾਂ ਹੁੰਦੀ ਹੈ। ਇਸੇ ਤਰ੍ਹਾਂ ਪੰਚਾਇਤ ਨੂੰ ਆਧੁਨਿਕ ਜ਼ਮਾਨੇ ਦਾ ਹਾਣੀ ਬਣਾਉਣ ਲਈ ਈ-ਪੰਚਾਇਤ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਅਤੇ ਪੰਜਾਬ ਦੇ ਸਾਰੇ ਪਿੰਡਾਂ ਨੂੰ 4 ਜੀ ਨੈਟਵਰਕ ਨਾਲ ਜੋੜਿਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ, ਐਸ.ਐਸ.ਪੀ. ਸ੍ਰੀ ਧੰਨਪ੍ਰੀਤ ਕੌਰ ਰੰਧਾਵਾ, ਏ.ਡੀ.ਸੀ. ਅਮਰਜੀਤ ਪਾਲ, ਡੀ.ਡੀ.ਪੀ.ਓ. ਅਮਰਦੀਪ ਸਿੰਘ ਬੈਂਸ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਸ੍ਰੀਮਤੀ ਰੀਟਾ ਅਗਰਵਾਲ ਤੇ ਹੋਰ ਅਧਿਕਾਰੀ ਮੌਜੂਦ ਸਨ।