ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੇ ਟੈਲੀਵਿਜ਼ਨ ਪ੍ਰੋਗਰਾਮ 'ਸੱਤਿਆਮੇਵ ਜਯਤੇ' ਦਾ ਦੂਜਾ ਐਡੀਸ਼ਨ ਦਾ ਪ੍ਰੀਮੀਅਰ 2 ਮਾਰਚ ਨੂੰ ਹੋਵੇਗਾ। ਆਮਿਰ ਨੇ ਸਾਲ 2012 'ਚ 'ਸੱਤਿਆਮੇਵ ਜਯਤੇ' ਨਾਲ ਛੋਟੇ ਪਰਦੇ ਦੀ ਸ਼ੁਰੂਆਤ ਕੀਤੀ। ਇਹ ਪ੍ਰੋਗਰਾਮ ਕੰਨਿਆ ਭਰੂਣ ਹੱਤਿਆ, ਘਰੇਲੂ ਹਿੰਸਾ ਅਤੇ ਬਾਲ ਸ਼ੋਸ਼ਣ ਵਰਗੇ ਸੰਵੇਦਨਸ਼ੀਲ ਸਮਾਜਿਕ ਮੁੱਦਿਆਂ ਨੂੰ ਉਠਾਉਂਦਾ ਹੈ।
ਮਈ ਵਿਚ ਸਟਾਰ ਪਲਸ ਚੈਨਲ 'ਤੇ ਪ੍ਰਸਾਰਤ ਹੋਏ ਇਸ ਪ੍ਰੋਗਰਾਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦੀਆਂ ਝਲਕੀਆਂ ਸ਼ਨੀਵਾਰ ਨੂੰ ਵੀਡੀਓ ਸਾਂਝਾ ਕਰਨ ਵਾਲੀ ਵੈੱਬਸਾਈਟ ਯੂ-ਟਿਊਬ 'ਤੇ ਦੇਖੀਆਂ ਗਈਆਂ। ਝਲਕੀਆਂ ਨੂੰ ਹੁਣ ਤੱਕ 34,000 ਲੋਕ ਪਸੰਦ ਕਰ ਚੁੱਕੇ ਹਨ। ਇਸ ਵਾਰ ਇਸ ਪ੍ਰੋਗਰਾਮ ਦਾ ਰੂਪ ਵੱਖਰਾ ਹੋਵੇਗਾ। ਰਿਪੋਰਟਾਂ ਮੁਤਾਬਕ ਪ੍ਰੋਗਰਾਮ ਨਿਰਮਾਤਾਵਾਂ ਨੇ ਦੂਜੇ ਐਡੀਸ਼ਨ ਨੂੰ ਤਿੰਨ ਭਾਗਾਂ ਵਿਚ ਵੰਡਣ ਦਾ ਫੈਸਲਾ ਕੀਤਾ ਹੈ। ਹਰੇਕ ਭਾਗ ਐਤਵਾਰ ਨੂੰ ਚਾਰ ਸ਼ੋਅ ਪ੍ਰਸਾਰਤ ਕਰੇਗਾ।