ਬੈਂਕਾਕ-ਥਾਈਲੈਂਡ ਦੇ ਚੋਣ ਕਮਿਸ਼ਨ ਨੇ 2 ਫਰਵਰੀ ਨੂੰ ਇੱਥੇ ਹੋਣ ਵਾਲੀਆਂ ਚੋਣਾਂ ਨੂੰ ਟਾਲਣ ਅਤੇ ਇਕ ਮਹੀਨੇ ਬਾਅਦ ਕਰਾਉਣ ਦੀ ਸਲਾਹ ਦਿੱਤੀ ਹੈ। ਕਮਿਸ਼ਨ ਨੂੰ ਸ਼ੱਕ ਹੈ ਕਿ ਇਸ ਹਫਤੇ ਹਿੰਸਾ ਹੋਰ ਵਧ ਸਕਦੀ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਉਸ ਦੇ ਅਧਿਕਾਰੀ ਮੰਗਲਵਾਰ ਨੂੰ ਇਸ ਸੰਬੰਧੀ ਮੁਲਾਕਾਤ ਕਰਨਗੇ ਅਤੇ ਚੋਣਾਂ ਟਾਲਣ ਸੰਬੰਧੀ ਗੱਲਬਾਤ ਕਰਨਗੇ।
ਚੋਣ ਕਮਿਸ਼ਨ ਦੇ ਅਧਿਕਾਰੀ ਸੋਮਾਚੀ ਸ਼੍ਰੀ ਸੁਤਿਆਕੋਰਨ ਨੇ ਕਿਹਾ, ''ਚੋਣ ਅਧਿਕਾਰ ਹੋਣ ਦੇ ਨਾਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਚੋਣ ਪ੍ਰਕਿਰਿਆ ਨੂੰ ਅੰਜ਼ਾਮ ਦੀਏ। ਅਸੀਂ ਨਹੀਂ ਚਾਹੁੰਦੇ ਕਿ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਹਿੰਸਾ ਹੋਵੇ।
ਗ੍ਰਹਿ ਮੰਤਰੀ ਜਰੁਪੋਂਗ ਰੁਵਾਂਗਸਵਾਨ ਨੇ ਕਿਹਾ, ''ਸਰਕਾਰ 2 ਫਰਵਰੀ ਨੂੰ ਚੋਣਾਂ ਕਰਾਉਣ ਦੇ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟੇਗੀ। ਚੋਣਾਂ ਆਉਣ ਵਾਲੀ 2 ਫਰਵਰੀ ਨੂੰ ਹੀ ਹੋਣਗੀਆਂ। ਜੇਕਰ ਸਰਕਾਰ ਚੋਣ ਪ੍ਰਕਿਰਿਆ 'ਤੇ ਕੁਝ ਰੋਕ ਵੀ ਲਾਉਂਦੀ ਹੈ ਤਾਂ ਇਸ ਨਾਲ ਵਿਰੋਧੀਆਂ ਕੋਲ ਸਰਕਾਰ 'ਤੇ ਹਮਲਾ ਕਰਨ ਲਈ ਹੋਰ ਮੌਕੇ ਮਿਲ ਜਾਣਗੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਇਹ ਬਿਆਨ ਆਇਆ ਕਿ ਉਹ ਸਰਕਾਰ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਕਰਨ ਨੂੰ ਤਿਆਰ ਨਹੀਂ ਹਨ। ਜ਼ਿਕਰਯੋਗ ਹੈ ਕਿ ਥਾਈਲੈਂਡ 'ਚ ਐਤਵਾਰ ਨੂੰ ਪਈਆਂ ਵੋਟਾਂ 'ਚ ਹੋਈ ਹਿੰਸਾ 'ਚ ਇਕ ਵਿਅਕਤੀ ਦੇ ਮਾਰੇ ਜਾਣ ਤੋਂ ਬਾਅਦ ਪਿਛਲੀ ਨਵੰਬਰ ਤੋਂ ਹੁਣ ਤੱਕ 10 ਲੋਕ ਮਾਰੇ ਜਾ ਚੁੱਕੇ ਹਨ।