ਦੇਹਰਾ- ਮੁਕੰਮਲ ਰਾਜ ਦਿਵਸ ਦੇ ਮੌਕੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਦੇਹਰਾ 'ਚ ਸੂਬਾ ਪੱਧਰੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਉਸ ਤੋਂ ਬਾਅਦ ਮੁੱਖ ਮੰਤਰੀ ਨੇ ਦੇਹਰਾ 'ਚ ਪ੍ਰਦੇਸ਼ ਲੋਕ ਨਿਰਮਾਣ ਵਿਭਾਗ ਦੇ ਆਰਾਮ ਘਰ 'ਚ 70.14 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਵਾਧੂ ਰਿਹਾਇਸ਼ ਦੀ ਨੀਂਹ ਰੱਖੀ। ਉਸ ਤੋਂ ਬਾਅਦ ਮੁੱਖ ਮੰਤਰੀ ਸਿਵਲ ਹਸਪਤਾਲ ਦੇਹਰਾ ਦੇ ਨਵੇਂ ਬਣੇ ਭਵਨ ਦਾ ਉਦਘਾਟਨ ਕਰਨ ਪਹੁੰਚੇ। ਪਰ ਆਪਣੇ ਨਾਂ ਨਾਲ ਸਿਹਤ ਮੰਤਰੀ ਕੌਲ ਸਿੰਘ ਠਾਕੁਰ ਦਾ ਨਾਂ ਦੇਖ ਕੇ ਮੁੱਖ ਮੰਤਰੀ ਸਾਹਿਬ ਅੱਗ ਬਬੂਲਾ ਹੋ ਗਏ। ਜਿਸ ਦੀ ਗਾਜ਼ ਸਿੱਧੀ ਕਾਂਗੜਾ ਦੇ ਸੀ.ਐੱਮ.ਓ ਡੀ.ਐੱਮ ਗੁਰੰਗ 'ਤੇ ਡਿੱਗੀ।
ਮੌਕੇ 'ਤੇ ਮੌਜੂਦ ਹਸਪਤਾਲ ਦੇ ਡਾਕਟਰ, ਕਰਮਚਾਰੀ, ਲੋਕ ਅਤੇ ਨਾਲ ਆਏ ਮੰਤਰੀ ਜੀ.ਐੱਸ ਬਾਲੀ ਮੁੱਖ ਮੰਤਰੀ ਦਾ ਇਹ ਰੂਪ ਦੇਖ ਕੇ ਦੰਗ ਰਹਿ ਗਏ। ਮੁੱਖ ਮੰਤਰੀ ਨੇ ਮੌਕੇ 'ਤੇ ਹੀ ਸੀ.ਐੱਮ.ਓ ਕਾਂਗੜਾ ਡੀ.ਐੱਮ ਗੁਰੰਗ ਨੂੰ ਸਸਪੈਂਡ ਕਰਨ ਦਾ ਹੁਕਮ ਸੁਣਾ ਦਿੱਤਾ ਅਤੇ ਹੋਰ ਵਿਭਾਗੀ ਕਰਮਚਾਰੀਆਂ ਨੂੰ ਚਾਰਜਸ਼ੀਟ ਕਰ ਦਿੱਤਾ ਜੋ ਇਸ ਕਾਰਜ 'ਚ ਸ਼ਾਮਲ ਰਹੇ ਹਨ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਚਾਪਲੂਸ ਕਿਹਾ ਅਤੇ ਚਲੇ ਗਏ।
ਹਾਲਾਂਕਿ ਇਸ ਪੂਰੀ ਘਟਨਾ ਨਾਲ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਮੁੱਖ ਮੰਤਰੀ ਨੇ ਕਿਹਾ ਤਾਂ ਸਹੀ ਹੈ ਕਿ ਜਿਸ ਪ੍ਰੋਗਰਾਮ 'ਚ ਜਿਹੜਾ ਮੰਤਰੀ ਆਇਆ ਹੀ ਨਹੀਂ ਉਸ 'ਚ ਉਦਘਾਟਨ ਤਖ਼ਤੀ 'ਤੇ ਨਾਂ ਕਿਵੇਂ। ਪਰ ਦੂਜੇ ਪਾਸੇ ਇਸ ਖ਼ਬਰ 'ਤੇ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕਿਤੇ ਸਿਆਸੀ ਵੈਰ ਦੇ ਚਲਦੇ ਤਾਂ ਨਹੀਂ ਮੁੱਖ ਮੰਤਰੀ ਭੜਕ ਉੱਠੇ। ਪਰ ਬਾਅਦ 'ਚ ਇਹ ਖ਼ਬਰ ਵੀ ਸਾਹਮਣੇ ਆਈ ਹੈ ਕਿ ਸੀ.ਐੱਮ.ਓ ਕਿਸੇ ਨੇਤਾ ਦੀ ਅਗਵਾਈ 'ਚ ਮੁੱਖ ਮੰਤਰੀ ਨੂੰ ਸਪੜੀ 'ਚ ਮਿਲੇ ਜਿੱਥੇ ਮੁਅੱਤਲੀ ਦੇ ਆਦੇਸ਼ ਰੱਦ ਕਰ ਦਿੱਤੇ। ਮੁੱਖ ਮੰਤਰੀ ਸਪੜੀ ਤੋਂ ਹੈਲੀਕਾਪਟਰ ਰਾਹੀਂ ਸ਼ਿਮਲਾ ਰਵਾਨਾ ਹੋ ਗਏ।