ਵੈਨਕੂਵਰ - ਕੈਨੇਡਾ ਦੇ ਸ਼ਹਿਰ ਐਬਟਸਫੋਰਡ 'ਚ 8 ਫਰਵਰੀ, 2013 ਨੂੰ ਇਕ ਨਾਬਾਲਿਗ ਲੜਕੀ ਨਾਲ ਛੇੜ-ਛਾੜ ਕਰਨ ਦੇ ਦੋਸ਼ 'ਚ ਜੇਲ੍ਹ ਦੀ ਸਜ਼ਾ ਕੱਟਣ ਮਗਰੋਂ 38 ਸਾਲਾ ਅਜੈ ਸਿੰਘ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ | ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਦੇ ਪੁੱਤਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਲਾਜ਼ਮ ਨੂੰ 17 ਅਕਤੂਬਰ, 2013 ਨੂੰ ਐਬਟਸਫੋਰਡ ਪ੍ਰੋਵਿੰਸ਼ਿਅਲ ਅਦਾਲਤ ਵੱਲੋਂ ਤਿੰਨ ਮਹੀਨੇ ਤੱਕ ਜੇਲ੍ਹ 'ਚ ਰਹਿਣ ਮਗਰੋਂ ਸਜ਼ਾ ਖਤਮ ਹੋਣ 'ਤੇ ਤੁਰੰਤ ਕੈਨੇਡਾ 'ਚੋਂ ਕੱਢੇ ਜਾਣ ਦਾ ਹੁਕਮ ਦਿੱਤਾ ਗਿਆ ਸੀ | ਅਜੈ ਸਿੰਘ ਫਰੇਜ਼ਰ ਵੈਲੀ ਸਿੱਖ ਸੁਸਾਇਟੀ ਦੀ ਸਪੌਾਸਰਸ਼ਿਪ 'ਤੇ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਆਇਆ ਸੀ, ਜਿਥੇ ਉਸ ਵੱਲੋਂ ਇਕ ਸ਼ਰਧਾਲੂ ਪਰਿਵਾਰ ਦੇ ਘਰ 'ਚ ਹੀ 13 ਸਾਲਾ ਲੜਕੀ ਨਾਲ ਅਸ਼ਲੀਲ ਹਰਕਤ ਕੀਤੀ ਗਈ |
ਐਬਟਸਫੋਰਡ ਪੁਲਿਸ ਵੱਲੋਂ ਪੀੜਤ ਲੜਕੀ, ਜਿਸ ਦੇ ਨਾਬਾਲਿਗ ਹੋਣ ਕਾਰਨ ਪਛਾਣ ਜ਼ਾਹਰ ਕਰਨ 'ਤੇ ਮਾਣਯੋਗ ਜੱਜ ਵੱਲੋਂ ਪਾਬੰਦੀ ਲਾਈ ਗਈ ਹੈ, ਦੀ ਸ਼ਿਕਾਇਤ 'ਤੇ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਗਿਆ | ਕੈਨੇਡਾ 'ਚ ਵਾਪਰੀ ਘਟਨਾ ਦੇ ਸਾਹਮਣੇ ਆਉਣ 'ਤੇ ਫਰਵਰੀ 2013 ਵਿਚ ਹੀ ਸ਼੍ਰੋਮਣੀ ਕਮੇਟੀ ਵੱਲੋਂ ਅਜੈ ਸਿੰਘ ਨੂੰ ਨੌਕਰੀ ਤੋਂ ਤੁਰੰਤ ਹਟਾ ਦਿੱਤਾ ਗਿਆ | ਪੀੜਤ ਪਰਿਵਾਰ ਨੇ ਦੋਸ਼ੀ ਨੂੰ ਕੈਨੇਡਾ 'ਚੋਂ ਡਿਪੋਰਟ ਕੀਤੇ ਜਾਣ ਦੇ ਫੈਸਲੇ ਬਾਰੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਦਾਲਤੀ ਅਤੇ ਪੁਲਿਸ ਕਾਰਵਾਈ 'ਤੇ ਸੰਤੁਸ਼ਟੀ ਹੈ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਤੋਂ ਮੰਗ ਕਰਦੇ ਹਨ ਕਿ ਸਾਬਕਾ ਰਾਗੀ ਅਜੈ ਸਿੰਘ ਖਿਲਾਫ ਸਿੱਖੀ ਸਿਧਾਂਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ | ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਅਜੈ ਸਿੰਘ ਖਿਲਾਫ ਕੈਨੇਡਾ ਦੀ ਅਦਾਲਤ 'ਚੋਂ ਕੇਸ ਵਾਪਸ ਲੈਣ ਲਈ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪਰ ਪੀੜਤ ਨਾਬਾਲਿਗ ਲੜਕੀ ਨੇ ਹੌਸਾਲਾ ਵਿਖਾਉਂਦਿਆਂ ਕਾਨੂੰਨੀ ਕਾਰਵਾਈ ਲਈ ਦਿ੍ੜ੍ਹਤਾ ਦਾ ਸਬੂਤ ਪੇਸ਼ ਕੀਤਾ |