ਸਰੀ - 'ਬੀ. ਸੀ. ਸਰਕਾਰ ਸੂਬੇ ਦਾ ਪੱਧਰ ਉੱਚਾ ਚੁੱਕਣ ਅਤੇ ਪੜ੍ਹਾਈ ਦੇ ਖਰਚੇ ਨੂੰ ਘਟਾਉਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ | ਸਰਕਾਰ ਦੀ ਕੋਸ਼ਿਸ਼ ਹੈ ਕਿ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ 'ਚ ਪੜ੍ਹਾਈਆਂ ਜਾਂਦੀਆਂ ਪਾਠ-ਪੁਸਤਕਾਂ, ਜਿਨ੍ਹਾਂ ਨੂੰ ਖ੍ਰੀਦਣ ਲਈ ਸੈਂਕੜੇ ਡਾਲਰ ਖਰਚਣੇ ਪੈਂਦੇ ਹਨ, ਮੁਫਤ ਆਨਲਾਈਨ ਉਪਲੱਬਧ ਕਰਵਾ ਦਿੱਤੀਆਂ ਜਾਣ ਤਾਂ ਕਿ ਵਿਦਿਆਰਥੀ ਆਪਣੇ ਕੰਪਿਊਟਰ, ਆਈਪੈਡ ਅਤੇ ਫੋਨ 'ਤੇ ਮੁਫਤ 'ਚ ਇਨ੍ਹਾਂ ਨੂੰ ਪੜ੍ਹਕੇ ਪੈਸੇ ਬਚਾਅ ਸਕਣ |'
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੂਬੇ ਦੇ ਉੱਚ ਵਿੱਦਿਆ ਮੰਤਰੀ ਅਮਰੀਕ ਸਿੰਘ ਵਿਰਕ ਨੇ ਸਰੀ ਦੇ ਮਸ਼ਹੂਰ ਗਰੈਂਡ ਤਾਜ ਬੈਂਕੁਇਟ ਹਾਲ ਵਿਖੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਹੀ ਨਹੀਂ ਬਲਕਿ ਸੰਸਾਰ ਭਰ 'ਚੋਂ ਬੀ. ਸੀ. ਪੜ੍ਹਾਈ ਕਰਨ ਲਈ ਇੱਕ ਉੱਤਮ ਜਗ੍ਹਾ ਮੰਨੀ ਗਈ ਹੈ, ਇਹੀ ਕਾਰਨ ਹੈ ਕਿ ਹਰ ਸਾਲ ਅੰਤਰਰਾਸ਼ਟਰੀ ਵਿਦਿਆਰਥੀ ਸੂਬੇ ਦੀ ਆਰਥਿਕਤਾ 'ਚ 2 ਬਿਲੀਅਨ ਡਾਲਰ ਦਾ ਯੋਗਦਾਨ ਪਾਉਂਦੇ ਹਨ ਅਤੇ ਇਸ ਕਾਰਨ 23000 ਨੌਕਰੀਆਂ ਚੱਲ ਰਹੀਆਂ ਹਨ |
ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਪੁਰਾਣੇ ਆਏ ਪੰਜਾਬੀਆਂ ਨੇ ਛੋਟੇ ਸ਼ਹਿਰਾਂ 'ਚ ਰਹਿਣ ਨੂੰ ਤਰਜੀਹ ਦਿੱਤੀ, ਜਦਕਿ ਹੁਣ ਦੇ ਪੰਜਾਬੀ ਮਹਾਂਨਗਰਾਂ 'ਚ ਰਹਿਣ ਨੂੰ ਤਰਜੀਹ ਦੇ ਰਹੇ ਹਨ, ਜਦਕਿ ਛੋਟੇ ਸ਼ਹਿਰਾਂ ਦੇ ਮੁਕਾਬਲੇ ਮਹਾਂਨਗਰਾਂ 'ਚ ਸਥਾਪਿਤ ਹੋਣਾ ਬੇਹੱਦ ਔਖਾ ਹੈ | ਉਨ੍ਹਾਂ 'ਪੰਜਾਬੀ ਪ੍ਰੈੱਸ ਕੱਲਬ ਆਫ ਬੀ. ਸੀ.' ਨਾਲ ਵਾਅਦਾ ਕੀਤਾ ਕਿ ਉਹ ਖੁਦ, ਮੁੱਖ ਮੰਤਰੀ ਕਲਾਰਕ ਤੇ ਬਾਕੀ ਮੰਤਰੀ ਪੰਜਾਬੀ ਪੱਤਰਕਾਰਾਂ ਨਾਲ ਸਾਲ 'ਚ 2-3 ਵਾਰ ਮਿਲਣ ਦੀ ਪੂਰੀ ਕੋਸ਼ਿਸ਼ ਕਰਨਗੇ ਤਾਂ ਕਿ ਭਾਈਚਾਰੇ ਦੇ ਸਰੋਕਾਰਾਂ ਤੋਂ ਜਾਣੂੰ ਹੋਇਆ ਜਾ ਸਕੇ |