ਨਵੀਂ ਦਿੱਲੀ—ਸਰਕਾਰ ਨੇ ਉਨ੍ਹਾਂ ਇਸ਼ਤਿਹਾਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ 'ਚ ਟੀ. ਵੀ. ਦਰਸ਼ਕਾਂ ਨੂੰ ਦੱਸਿਆ ਜਾਂਦਾ ਸੀ ਕਿ ਜੇਕਰ ਉਨ੍ਹਾਂ ਨੇ ਡਿਜੀਟਲੀਕਰਨ ਦੀ ਸਮਾਂ ਹੱਦ ਤੋਂ ਪਹਿਲਾਂ ਸੈੱਟ ਟਾਪ ਬਾਕਸ ਨਾ ਖਰੀਦੇ ਤਾਂ ਉਨ੍ਹਾਂ ਦੇ ਟੀ. ਵੀ. ਸੈੱਟ 'ਤੇ ਪ੍ਰੋਗਰਾਮ ਨਹੀਂ ਦਿਖਾਈ ਦੇਣਗੇ। ਸਰਕਾਰ ਇਸ ਦੀ ਬਜਾਏ ਦਰਸ਼ਕਾਂ ਨੂੰ ਨਵੀਂ ਪ੍ਰਣਾਲੀ ਅਪਨਾਉਣ ਦੇ ਫਾਇਦਿਆਂ ਬਾਰੇ ਦੱਸੇਗੀ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਮੁਤਾਬਕ ਉਨ੍ਹਾਂ ਨੇ ਆਪਣੇ ਮੰਤਰਾਲੇ ਦੇ ਕਾਰਜਬਲ ਨੂੰ ਕਿਹਾ ਹੈ ਕਿ ਡਿਜੀਟਲੀਕਰਨ ਮੁਹਿੰਮ ਦੀ ਤੀਜੇ ਅਤੇ ਚੌਥੇ ਪੱਧਰ ਦਾ ਦ੍ਰਿਸ਼ਟੀਕੋਣ ਪਹਿਲੇ ਦੋ ਪੱਧਰਾਂ ਤੋਂ ਵੱਖਰਾ ਹੋਣਾ ਚਾਹੀਦਾ ਹੈ। ਉਦਯੋਗ ਮੰਡਲ ਸੀ. ਆਈ. ਆਈ. ਵਲੋਂ ਆਯੋਜਿਤ ਇਕ ਸੈਮੀਨਾਰ 'ਚ ਤਿਵਾੜੀ ਨੇ ਕਿਹਾ ਕਿ ਪਹਿਲੇ ਅਤੇ ਦੂਜੇ ਪੱਧਰ 'ਚ ਉਪਭੋਗਤਾਵਾਂ ਨੂੰ ਦੱਸਿਆ ਜਾਂਦਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਸੈੱਟ ਟਾਪ ਬਾਕਸ ਨਹੀਂ ਖਰੀਦਿਆ ਤਾਂ ਉਨ੍ਹਾਂ ਦੇ ਟੀ. ਵੀ. ਸਿਗਨਲ ਬੰਦ ਹੋ ਜਾਣਗੇ ਪਰ ਅਗਲੇ ਪੱਧਰ 'ਚ ਇਹ ਕੰਮ ਨਹੀਂ ਹੋਵੇਗਾ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਤੀਜੇ ਅਤੇ ਚੌਥੇ ਪੱਧਰ 'ਚ ਉਨ੍ਹਾਂ ਨੂੰ ਉਪਭੋਗਤਾਵਾਂ ਨੂੰ ਇਹ ਦੱਸਣਾ ਪਵੇਗਾ ਕਿ ਡਿਜੀਟਲੀਕਰਨ ਉਨ੍ਹਾਂ ਦੇ ਹਿੱਤ 'ਚ ਹੈ, ਉਨ੍ਹਾਂ ਇਸ਼ਤਿਹਾਰਾਂ ਦੀ ਬਜਾਏ, ਜਿਨ੍ਹਾਂ 'ਚ ਕਿਹਾ ਜਾਂਦਾ ਹੈ ਕਿ 31 ਅਕਤੂਬਰ ਤੱਕ ਜੇਕਰ ਤੁਸੀਂ ਸੈੱਟ ਟਾਪ ਬਾਕਸ ਨਹੀਂ ਖਰੀਦਿਆ ਤਾਂ ਤੁਹਾਡੀ ਟੀ. ਵੀ. ਸਕਰੀਨ 'ਤੇ ਕੁਝ ਨਹੀਂ ਆਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਦੀ ਦਸੰਬਰ, 2014 ਤੱਕ ਦੇਸ਼ ਭਰ 'ਚ ਡਿਜਟਲੀਕਰਨ ਦਾ ਕੰਮ ਪੂਰਾ ਕਰਨ ਦੀ ਯੋਜਨਾ ਹੈ।