ਮੋਹਾਲੀ¸ ਕਰੁਣ ਨਾਇਰ (ਅਜੇਤੂ 151) ਤੇ ਅਮਿਤ ਵਰਮਾ (ਅਜੇਤੂ 114) ਦੇ ਸ਼ਾਨਦਾਰ ਸੈਂਕੜਿਆਂ ਤੇ ਉਨ੍ਹਾਂ ਵਿਚਾਲੇ ਛੇਵੀਂ ਵਿਕਟ ਲਈ 206 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਛੇ ਵਾਰ ਦੇ ਚੈਂਪੀਅਨ ਕਰਨਾਟਕ ਨੇ ਮੇਜ਼ਬਾਨ ਪੰਜਾਬ ਵਿਰੁੱਧ ਖਰਾਬ ਰੌਸ਼ਨੀ ਦੇ ਅੜਿੱਕੇ ਦੌਰਾਨ ਚੌਥੇ ਦਿਨ ਮੰਗਲਵਾਰ ਨੂੰ ਪੰਜ ਵਿਕਟਾਂ 'ਤੇ 447 ਦੌੜਾਂ ਬਣਾ ਕੇ ਰਣਜੀ ਟਰਾਫੀ ਦੇ ਫਾਈਨਲ ਵਿਚ ਆਪਣਾ ਪਹੁੰਚਣਾ ਤੈਅ ਕਰ ਲਿਆ।
ਕਰਨਾਟਕ ਨੇ ਪੰਜ ਵਿਕਟਾਂ 'ਤੇ 351 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਕਰਨਾਟਕ ਦੇ ਕੋਲ ਹੁਣ 177 ਦੌੜਾਂ ਦੀ ਬੜ੍ਹਤ ਹੋ ਗਈ ਹੈ ਤੇ ਉਸ ਦੀਆਂ 5 ਵਿਕਟਾਂ ਬਾਕੀ ਹਨ। ਪੰਜਾਬ ਨੇ ਪਹਿਲੀ ਪਾਰੀ ਵਿਚ 270 ਦੌੜਾਂ ਬਣਾਈਆਂ ਸਨ। ਮੈਚ ਵਿਚ ਇਕ ਦਿਨ ਦੀ ਖੇਡ ਬਾਕੀ ਰਹਿੰਦੀ ਹੈ ਤੇ ਪੰਜਾਬ ਦਾ ਸੁਪਨਾ ਟੁੱਟ ਚੁੱਕਾ ਹੈ। ਮੈਚ ਵਿਚ ਚੌਥੇ ਦਿਨ 36.1 ਓਵਰਾਂ ਦੀ ਖੇਡ ਹੋ ਸਕੀ। ਨਾਇਰ ਨੇ ਆਪਣੀ ਪਾਰੀ ਨੂੰ 107 ਦੌੜਾਂ ਤੋਂ ਅੱਗੇ ਵਧਾਉਂਦੇ ਹੋਏ 151 ਦੌੜਾਂ 'ਤੇ ਪਹੁੰਚਾਇਆ ਜਦਕਿ ਅਮਿਤ ਨੇ 65 ਦੌੜਾਂ ਤੋਂ ਅੱਗੇ ਖੇਡਦੇ ਹੋਏ ਆਪਣਾ ਸਕੋਰ 114 ਦੌੜਾਂ 'ਤੇ ਪਹੁੰਚਾਇਆ । ਇਸ ਤੋਂ ਬਾਅਦ ਖਰਾਬ ਰੌਸ਼ਨੀ ਕਾਰਨ ਖੇਡ ਸੰਭਵ ਨਹੀਂ ਹੋ ਸਕੀ। ਪੰਜਵੇਂ ਦਿਨ ਵੀ ਖਰਾਬ ਰੌਸ਼ਨੀ ਦਾ ਸ਼ੱਕ ਹੈ।
ਕਰਨਾਟਕ ਨੇ ਪਹਿਲੀ ਪਾਰੀ ਵਿਚ ਬੜ੍ਹਤ ਹਾਸਲ ਕਰਕੇ ਫਾਈਨਲ ਲਈ ਆਪਣੀ ਦਾਅਵੇਦਾਰ ਪੱਕੀ ਕਰ ਲਈ ਹੈ। ਕਰਨਾਟਕ ਇਸ ਤਰ੍ਹਾਂ 2009-10 ਤੋਂ ਬਾਅਦ ਪਹਿਲੀ ਵਾਰ ਫਾਈਨਲ ਵਿਚ ਪਹੁੰਚੇਗਾ ਜਿੱਥੇ ਉਸਦਾ ਮੁਕਾਬਲਾ 20 ਸਾਲਾਂ ਦੇ ਫਰਕ ਤੋਂ ਬਾਅਦ ਫਾਈਨਲ ਵਿਚ ਪਹੁੰਚੇ ਮਹਾਰਾਸ਼ਟਰ ਨਾਲ ਹੋਵੇਗਾ।