ਟੈਲੀਵਿਜ਼ਨ ਅੱਜ ਜਨਸੰਚਾਰ ਦਾ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਬਣ ਕੇ ਉਭਰਿਆ ਹੈ | ਕੇਬਲ ਟੀ. ਵੀ. 20ਵੀਂ ਸਦੀ ਦੇ ਆਖਰੀ ਦਹਾਕੇ ਵਿਚ ਹਰਮਨ ਪਿਆਰਾ ਹੋਇਆ ਤੇ ਇਸ ਦੇ ਨਾਲ ਹੀ ਸ਼ੁਰੂ ਹੋ ਗਿਆ ਸੀਰੀਅਲਾਂ ਦਾ ਸਿਲਸਿਲਾ |
ਅੱਜਕਲ੍ਹ ਦੇ ਇਨ੍ਹਾਂ ਲੜੀਵਾਰਾਂ ਵਿਚ ਇਸਤਰੀ ਨੂੰ ਹਰ ਰੂਪ ਵਿਚ ਦਿਖਾਇਆ ਜਾ ਰਿਹਾ ਹੈ | ਕਿਸੇ ਸੀਰੀਅਲ ਵਿਚ ਇਸਤਰੀ ਗੁਣਾਂ ਨਾਲ ਭਰਪੂਰ ਹੈ ਤੇ ਕਿਸੇ ਸੀਰੀਅਲ ਵਿਚ ਇਹ ਔਗੁਣਾਂ ਦੀ ਖਾਨ ਹੈ | ਜੇਕਰ ਇਹ ਚੰਗੀਆਂ ਹਨ ਤਾਂ ਸਵਰਗ ਦੀ ਦੇਵੀ ਵਾਂਗ ਹਨ, ਜੇਕਰ ਬੁਰੀਆਂ ਹਨ ਤਾਂ ਇਨ੍ਹਾਂ ਤੋਂ ਸ਼ੈਤਾਨ ਵੀ ਘਬਰਾ ਜਾਂਦਾ ਹੈ | ਇਹ ਲੜੀਵਾਰ ਸ਼ੁਰੂਆਤ ਤਾਂ ਇਕ ਆਦਰਸ਼ ਪਰਿਵਾਰ ਤੋਂ ਕਰਦੇ ਹਨ ਪਰ ਬਾਅਦ ਵਿਚ ਇਹ ਸੁਪਨਿਆਂ ਦੀ ਦੁਨੀਆ ਉਸਾਰਨ ਲੱਗ ਪੈਂਦੇ ਹਨ | ਕੇਬਲ ਨੈੱਟਵਰਕ ਤੇ ਉਪਗ੍ਰਹਿ ਚੈਨਲਾਂ ਰਾਹੀਂ ਦਿਖਾਏ ਜਾਣ ਵਾਲੇ ਬਹੁਤ ਸਾਰੇ ਲੜੀਵਾਰ ਕਹਾਣੀ ਦੀ ਦਿਸ਼ਾ ਇਸ ਢੰਗ ਨਾਲ ਬਦਲਦੇ ਹਨ ਕਿ ਕਹਾਣੀ ਦਾ ਅਸਲੀਅਤ ਨਾਲ ਕੋਈ ਬਹੁਤਾ ਨਾਤਾ ਨਹੀਂ ਰਹਿ ਜਾਂਦਾ |
ਇਨ੍ਹਾਂ ਸੀਰੀਅਲਾਂ ਵਿਚ ਵੱਡੇ-ਵੱਡੇ ਸੰਯੁਕਤ ਪਰਿਵਾਰ ਦਿਖਾਏ ਜਾਂਦੇ ਹਨ, ਜਿਨ੍ਹਾਂ ਵਿਚ ਨਾਰੀ ਪਾਤਰਾਂ ਦੀ ਭਰਮਾਰ ਹੈ ਪਰ ਗੰਭੀਰਤਾ ਨਾਲ ਸੋਚਿਆ ਜਾਵੇ ਤਾਂ ਇਹ ਚਰਿੱਤਰ ਅਸਲੀ ਜੀਵਨ ਨਾਲ ਮੇਲ ਨਹੀਂ ਖਾਂਦੇ | ਹਰ ਸੀਰੀਅਲ ਵਿਚ ਗਲੈਮਰ ਅਤੇ ਹੋਰ ਚਮਕ-ਦਮਕ ਦਿਖਾਉਣ ਲਈ ਨਾਇਕਾਵਾਂ ਭਾਰੀ-ਭਰਕਮ ਸਾੜ੍ਹੀਆਂ ਅਤੇ ਗਹਿਣੇ ਪਹਿਨ ਕੇ ਪੂਰੇ ਮੇਕਅੱਪ ਨਾਲ ਨਜ਼ਰ ਆਉਂਦੀਆਂ ਹਨ, ਭਾਵੇਂ ਉਹ ਰਸੋਈ ਵਿਚ ਕੰਮ ਕਰ ਰਹੀਆਂ ਹੋਣ ਜਾਂ ਸੌਾ ਰਹੀਆਂ ਹੋਣ | ਇਨ੍ਹਾਂ ਲੜੀਵਾਰਾਂ ਵਿਚੋਂ ਬਹੁਤਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਦੀਆਂ ਸੀਮਾਵਾਂ ਦਾ ਉਲੰਘਣ ਕੀਤਾ ਹੁੰਦਾ ਹੈ | ਵਿਆਹ ਤੋਂ ਬਾਹਰੇ ਪ੍ਰੇਮ ਸਬੰਧ ਰੱਖਣ ਲਈ ਵੀ ਇਹ ਨਾਇਕਾਵਾਂ ਪਿੱਛੇ ਨਹੀਂ ਰਹਿੰਦੀਆਂ | ਇਨ੍ਹਾਂ ਲੜੀਵਾਰਾਂ ਦਾ ਸਮਾਜ ਉੱਪਰ ਬੜਾ ਬੁਰਾ ਪ੍ਰਭਾਵ ਪੈਂਦਾ ਹੈ | ਸਾਜ਼ਿਸ਼ਾਂ ਰਚਣ ਵਾਲੀ ਸੱਸ, ਚੋਰੀ ਕਰਨ ਵਾਲੀ ਨੂੰ ਹ, ਲੁਕ-ਛੁਪ ਕੇ ਗੱਲਾਂ ਸੁਣਨ ਵਾਲੀ ਨਣਾਨ ਜੇਠਾਣੀ ਉੱਪਰ ਹੱਥ ਚੁੱਕਣ ਵਾਲੀ ਦਿਉਰਾਣੀ ਕਦੀ ਕਿਸੇ ਵੀ ਪੱਧਰ ਤੱਕ ਗਿਰਨ ਵਾਲੀਆਂ ਔਰਤਾਂ, ਬੱਚਿਆਂ ਦੀ ਜਾਇਦਾਦ ਨੂੰ ਹਥਿਆਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤਣ ਵਾਲੀਆਂ ਔਰਤਾਂ ਦਾ ਰੂਪ ਵਿਖਾਈ ਦਿੰਦਾ ਹੈ |
ਪਰਿਵਾਰ ਤੋੜਨ ਦੇ ਨਵੇਂ-ਨਵੇਂ ਨੁਸਖੇ ਅਜ਼ਮਾਉਣ ਵਾਲੀਆਂ ਇਨ੍ਹਾਂ ਨਾਰੀ ਪਾਤਰਾਂ ਵਿਚੋਂ ਬਹੁਤੀਆਂ ਈਰਖਾ ਨਾਲ ਭਰੀਆਂ ਹੁੰਦੀਆਂ ਹਨ | ਇਨ੍ਹਾਂ ਲੜੀਵਾਰਾਂ ਵਿਚ ਬਹੁਤੀਆਂ ਔਰਤ ਪਾਤਰ ਅੰਧ-ਵਿਸ਼ਵਾਸਾਂ ਵਿਚ ਫਸੀਆਂ ਨਜ਼ਰ ਆਉਂਦੀਆਂ ਹਨ | ਵਹਿਮ, ਭਰਮ ਤੇ ਹੋਰ ਅਵਿਗਿਆਨਕ ਵਿਚਾਰਧਾਰਾ ਦਾ ਪਾਲਣ ਕਰਦੀਆਂ ਇਹ ਔਰਤਾਂ ਸਮਾਜ ਨੂੰ ਗ਼ਲਤ ਸੇਧ ਦਿੰਦੀਆਂ ਹਨ |
ਚਲੋ, ਤਸਵੀਰ ਦਾ ਦੂਜਾ ਪੱਖ ਵੀ ਦੇਖੀਏ | ਕੁਝ ਕੁ ਉਂਗਲਾਂ 'ਤੇ ਗਿਣਨ ਜੋਗ ਪਾਤਰ ਅਜਿਹੀਆਂ ਵੀ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਆਤਮਵਿਸ਼ਵਾਸ ਵੀ ਵਧ ਸਕਦਾ ਹੈ | ਇਨ੍ਹਾਂ ਸੀਰੀਅਲਾਂ ਵਿਚ ਇਕ-ਅੱਧ ਅਜਿਹੀ ਇਸਤਰੀ ਵੀ ਦੇਖੀ ਜਾ ਸਕਦੀ ਹੈ, ਜੋ ਘਰ ਦੀ ਮਾਣ-ਮਰਿਆਦਾ ਟੁੱਟਣ ਨਹੀਂ ਦਿੰਦੀ ਅਤੇ ਆਪਣੇ ਘਰ ਉੱਪਰ ਆਉਣ ਵਾਲੀ ਹਰ ਮੁਸੀਬਤ ਦਾ ਡਟ ਕੇ ਮੁਕਾਬਲਾ ਕਰਦੀ ਹੈ | ਲੋੜ ਹੈ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਸੀਰੀਅਲ ਅਤੇ ਹੋਰ ਪ੍ਰੋਗਰਾਮ ਬਣਾਉਣ ਦੀ | ਜਿਥੇ ਔਰਤ ਦੀ ਸਹੀ, ਸੰਤੁਲਿਤ ਅਤੇ ਅਗਾਂਹਵਧੂ ਸ਼ਖ਼ਸੀਅਤ ਨੂੰ ਸੀਰੀਅਲ ਰਾਹੀਂ ਵਿਖਾਇਆ ਜਾ ਸਕੇ, ਜਿਸ ਤੋਂ ਪ੍ਰੇਰਨਾ ਲੈ ਕੇ ਹੋਰ ਔਰਤਾਂ ਵੀ ਇਕ ਸੁਚੱਜੇ ਪਰਿਵਾਰ ਦੀ ਉਸਾਰੀ ਕਰ ਸਕਣ |