ਮੈਲਬੌਰਨ- ਖਿਤਾਬ ਦੀ ਪ੍ਰਬਲ ਦਾਅਵੇਦਾਰ ਅਤੇ ਦੁਨੀਆ ਦੀ ਨੰਬਰ ਇਕ ਖਿਡਾਰਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੂੰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ 'ਚ ਚੌਥੇ ਦੌਰ 'ਚ ਐਤਵਾਰ ਨੂੰ ਸਨਸਨੀਖੇਜ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਪੁਰਸ਼ ਵਰਗ 'ਚ ਚਾਰ ਵਾਰ ਦੇ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਕ ਅਤੇ ਸਪੇਨ ਦੇ ਡੇਵਿਡ ਫੈਰਰ ਨੇ ਕੁਆਰਟਰ ਫਾਈਨਲ 'ਚ ਥਾਂ ਬਣਾ ਲਈ।
ਸੇਰੇਨਾ ਨੂੰ ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਸਰਬੀਆ ਦੀ ਅਨਾ ਈਵਾਨੋਵਿਚ ਨੇ ਤਿੰਨ ਸੈੱਟਾਂ ਤੱਕ ਚੱਲੇ ਸੰਘਰਸ਼ਪੂਰਨ ਮੁਕਾਬਲੇ 'ਚ 4-6, 6-3, 6-3 ਨਾਲ ਹਰਾ ਕੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਉਲਟਫੇਰ ਕੀਤਾ। ਸੇਰੇਨਾ ਦੀ ਲਗਾਤਾਰ 25 ਮੈਚਾਂ 'ਚ ਜਿੱਤ ਤੋਂ ਬਾਅਦ ਇਹ ਪਹਿਲੀ ਹਾਰ ਹੈ। ਪੁਰਸ਼ ਵਰਗ 'ਚ ਜੋਕੋਵਿਚ ਨੇ ਇਟਲੀ ਦੇ ਫੇਬੀਓ ਫੋਗਿੰਨੀ ਨੂੰ 6-3, 6-0, 6-2 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਥਾਂ ਬਣਾਈ।
ਡੇਵਡ ਫੈਰਰ ਨੇ ਜਰਮਨੀ ਦੇ ਫਲੋਰੀਅਨ ਮੇਅਰ ਨੂੰ 6-7, 7-5, 6-2, 6-1 ਨਾਲ ਮਾਤ ਦਿੱਤੀ। ਮਹਿਲਾ ਵਰਗ 'ਚ ਚੀਨ ਦੀ ਲੀ ਨਾ ਨੇ ਰੂਸ ਦੀ ਮਕਾਰੋਵਾ ਨੂੰ 6-2, 6-0 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ।