ਮੈਲਬੋਰਨ - ਸਪੇਨ ਦੇ ਰਾਫੇਲ ਨਡਾਲ, ਰਿਕਾਰਡ 17 ਗ੍ਰੈਂਡ ਸਲੈਮ ਖਿਤਾਬਾਂ ਦਾ ਜੇਤੂ ਸਵਿਟਜ਼ਰਲੈਂਡ ਦਾ ਰੋਜਰ ਫੈਡਰਰ, ਵਿੰਬਲਡਨ ਚੈਂਪੀਅਨ ਬ੍ਰਿਟੇਨ ਦਾ ਐਂਡੀ ਮਰੇ, ਪਿਛਲੀ ਦੋ ਵਾਰ ਦੀ ਮਹਿਲਾ ਚੈਂਪੀਅਨ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕੋ ਅਤੇ ਦੂਜਾ ਦਰਜਾ ਹਾਸਲ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਸ਼ਨੀਵਾਰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਆਸਟ੍ਰੇਲੀਅਨ ਓਪਨ 'ਚ ਚੌਥੇ ਦੌਰ 'ਚ ਜਗ੍ਹਾ ਬਣਾ ਲਈ।
ਚਾਰ ਦਿਨਾਂ ਦੀ ਸਖਤ ਗਰਮੀ ਤੋਂ ਬਾਅਦ ਆਖਿਰਕਾਰ ਸ਼ਨੀਵਾਰ ਤਾਪਮਾਨ 'ਚ ਕੁਝ ਗਿਰਾਵਟ ਆਈ ਅਤੇ ਖਿਡਾਰੀਆਂ ਨੇ ਸੁੱਖ ਦਾ ਸਾਹ ਲਿਆ ਪਰ ਇਸ ਮੌਸਮ 'ਚ ਪੁਰਸ਼ ਵਰਗ ਵਿਚ 11ਵਾਂ ਦਰਜਾ ਹਾਸਲ ਕੈਨੇਡਾ ਦੀ ਮਿਲੋਸ ਰਾਓਨਿਕ ਅਤੇ ਮਹਿਲਾ ਵਰਗ 'ਚ ਸਾਬਕਾ ਨੰਬਰ 1 ਡੈੱਨਮਾਰਕ ਦੀ ਕੈਰੋਲਿਨ ਵੋਜਨਿਆਕੀ ਤੀਜੇ ਗੇੜ 'ਚ ਉਲਟਫੇਰ ਦਾ ਸ਼ਿਕਾਰ ਹੋ ਗਏ।
ਖਿਤਾਬ ਦੇ ਮਜ਼ਬੂਤ ਦਾਅਵੇਦਾਰ ਅਤੇ ਦੁਨੀਆ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਫਰਾਂਸ ਦੇ 25ਵਾਂ ਦਰਜਾ ਹਾਸਲ ਗੇਲ ਮੋਂਫਿਲਸ ਨੂੰ 6-1, 6-2, 6-3 ਨਾਲ ਹਰਾਇਆ। ਨਡਾਲ ਹਾਲਾਂਕਿ ਮੈਚ ਦੌਰਾਨ ਡਿੱਗ ਪਏ ਅਤੇ ਲੰਗੜਾ ਕੇ ਚੱਲ ਰਹੇ ਸਨ ਪਰ ਉਨ੍ਹਾਂ ਫਰਾਂਸੀਸੀ ਖਿਡਾਰੀ ਨੂੰ ਜਿੱਤਣ ਦਾ ਮੌਕਾ ਨਹੀਂ ਦਿੱਤਾ। 6ਵਾਂ ਦਰਜਾ ਫੈਡਰਰ ਨੇ ਰੂਸ ਦੇ ਤੈਮੂਰਾਜ ਗਬਾਸ਼ਵਿਲੀ ਨੂੰ 6-2, 6-2, 6-3 ਨਾਲ ਲਗਾਤਾਰ ਸੈੱਟਾਂ 'ਚ ਹਰਾ ਕੇ 27ਵੀਂ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਚੌਥੇ ਗੇੜ 'ਚ ਜਗ੍ਹਾ ਬਣਾਈ। ਚੌਥਾ ਦਰਜਾ ਹਾਸਲ ਮਰੇ ਨੇ 26ਵਾਂ ਦਰਜਾ ਹਾਸਲ ਸਪੇਨ ਦੇ ਫੇਲੀਸਿਆਨੋ ਲੋਪੇਜ਼ ਨੂੰ 7-6, 6-4, 6-2 ਨਾਲ ਹਰਾਇਆ। ਮਰੇ ਦੀ ਲੋਪੇਜ਼ ਵਿਰੁੱਧ ਇਹ ਲਗਾਤਾਰ 14ਵੀਂ ਜਿੱਤ ਹੈ।
ਮਹਿਲਾ ਵਰਗ 'ਚ ਦੂਜਾ ਦਰਜਾ ਹਾਸਲ ਅਜਾਰੇਂਕੋ ਨੇ ਆਸਟਰੀਆ ਦੀ ਵੋਨੇ ਮਿਊਸਬਰਗਰ ਨੂੰ ਰਾਡਲੇਵਰ ਏਰੇਨਾ 'ਚ ਪੂਰੀ ਤਰ੍ਹਾਂ ਇਕਪਾਸੜ ਮੁਕਾਬਲੇ 'ਚ 6-1, 6-0 ਨਾਲ ਹਰਾਇਆ। ਅਜਾਰੇਂਕੋ ਨੇ ਇਸ ਤਰ੍ਹਾਂ ਟੂਰਨਾਮੈਂਟ 'ਚ ਅਜੇ ਤਕ ਇਕ ਵੀ ਸੈੱਟ ਨਹੀਂ ਗੁਆਇਆ ਹੈ। ਉਸ ਦੀ ਟੂਰਨਾਮੈਂਟ ਦੇ ਇਤਿਹਾਸ 'ਚ ਇਹ 17ਵੀਂ ਜਿੱਤ ਹੈ। ਉਧਰ ਚਾਰ ਵਾਰ ਦੀ ਗ੍ਰੈਂਡ ਸਲੈਮ ਜੇਤੂ ਅਤੇ ਤੀਜਾ ਦਰਜਾ ਹਾਸਲ ਸ਼ਾਰਾਪੋਵਾ ਨੇ ਫਰਾਂਸ ਦੀ ਐਲੀਜ਼ ਕੋਰਨੇਟ ਨੂੰ 6-1, 7-6 ਨਾਲ ਹਰਾਇਆ। 5ਵਾਂ ਦਰਜਾ ਹਾਸਲ ਪੋਲੈਂਡ ਦੀ ਅਗਨੇਸਕਾ ਰਦਵਾਂਸਕਾ, ਸਰਬੀਆ ਦੀ ਯੇਲੇਨਾ ਯਾਕੋਵਿਕ ਵੀ ਚੌਥੇ ਗੇੜ ਵਿਚ ਪਹੁੰਚਣ 'ਚ ਸਫਲ ਰਹੀਆਂ ਪਰ ਵੋਜਨਿਆਕੀ ਸਪੇਨ ਦੀ ਗਾਰਬੀਨ ਮੁਗੂਰੂਜਾ ਤੋਂ 4-6, 7-5, 6-3 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ।