ਬੱਚਿਆਂ ਦੇ ਮਨ ਬੜੇ ਕੋਮਲ ਅਤੇ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦੇ ਹਨ | ਜਿਉਂ-ਜਿਉਂ ਉਨ੍ਹਾਂ ਦੀ ਸੋਚ ਅਤੇ ਉਮਰ ਵਧਦੀ ਹੈ, ਤਿਉਂ-ਤਿਉਂ ਉਨ੍ਹਾਂ ਦੇ ਮਨ ਵਿਚ ਨਵੇਂ-ਨਵੇਂ ਸਵਾਲ ਅਤੇ ਵਿਚਾਰ ਪੈਦਾ ਹੁੰਦੇ ਰਹਿੰਦੇ ਹਨ | ਇਸ ਲਈ ਛੋਟੇ ਬੱਚੇ ਅਕਸਰ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਰਹਿੰਦੇ ਹਨ | ਜੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਠੀਕ ਢੰਗ ਨਾਲ ਮਿਲ ਜਾਵੇ ਤਾਂ ਉਨ੍ਹਾਂ ਦੇ ਚਿਹਰੇ 'ਤੇ ਚਮਕ ਸਾਫ਼ ਦਿਖਾਈ ਦਿੰਦੀ ਹੈ | ਕੀਤਾ ਕੀ ਜਾਵੇ, ਕਈ ਵਾਰ ਤਾਂ ਛੋਟੇ ਬੱਚੇ ਵੱਡਿਆਂ ਤੋਂ ਇਸ ਤਰ੍ਹਾਂ ਦੇ ਸਵਾਲ ਪੁੱਛ ਬੈਠਦੇ ਹਨ ਕਿ ਮਾਂ-ਬਾਪ ਵੀ ਇਮਤਿਹਾਨ ਵਿਚ ਪੈ ਜਾਂਦੇ ਹਨ | ਇਹੋ ਜਿਹੇ ਸਮੇਂ ਵੱਡਿਆਂ ਨੂੰ ਬੜੀ ਸਮਝਦਾਰੀ ਅਤੇ ਸਹਿਣਸ਼ੀਲਤਾ ਨਾਲ ਕੰਮ ਲੈਣਾ ਪਵੇਗਾ | ਕਿਉਂਕਿ ਅੱਜ ਦੇ ਆਧੁਨਿਕ ਯੁੱਗ ਵਿਚ ਬੱਚਿਆਂ ਦੇ ਮਨ ਵਿਚ ਤਰ੍ਹਾਂ-ਤਰ੍ਹਾਂ ਦੇ ਸਵਾਲ ਆਉਣਾ ਜ਼ਰੂਰੀ ਅਤੇ ਲਾਜ਼ਮੀ ਹੈ | ਮਾਂ-ਬਾਪ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਹਿਜ ਅਤੇ ਅਰਥਪੂਰਨ ਢੰਗ ਨਾਲ ਬੱਚਿਆਂ ਦੇ ਸਵਾਲਾਂ ਦਾ ਜਵਾਬ ਦੇਣ |
ਆਧੁਨਿਕ ਤਕਨੀਕਾਂ ਨੇ ਵੀ ਬੱਚਿਆਂ ਵਾਸਤੇ ਬਹੁਤ ਸਵਾਲ ਵਧਾ ਦਿੱਤੇ ਹਨ ਅਤੇ ਉਹ ਸਮੇਂ ਤੋਂ ਪਹਿਲਾਂ ਵੱਡੇ ਹੋ ਰਹੇ ਹਨ, ਜਿਸ ਦਾ ਮੁੱਖ ਕਾਰਨ ਹੈ 'ਸੰਚਾਰ ਕ੍ਰਾਂਤੀ' | ਇਸ ਦੀ ਮਦਦ ਨਾਲ ਬੱਚੇ ਘਰ ਬੈਠੇ-ਬੈਠੇ ਤਮਾਮ ਜਾਣਕਾਰੀਆਂ ਪ੍ਰਾਪਤ ਕਰ ਲੈਂਦੇ ਹਨ, ਜਿਸ ਕਾਰਨ ਹਰ ਸਮੇਂ ਉਹ ਕੁਝ ਨਵਾਂ ਕਰਨ ਦੀ ਸੋਚਦੇ ਰਹਿੰਦੇ ਹਨ | ਬਚਪਨ ਇਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ, ਮਾਂ-ਬਾਪ ਜਿਸ ਤਰ੍ਹਾਂ ਚਾਹੁਣ, ਬੱਚਿਆਂ ਦੀ ਤਸਵੀਰ ਵਿਚ ਰੰਗ ਭਰ ਸਕਦੇ ਹਨ, ਜਿਹੜੀ ਉਨ੍ਹਾਂ ਦੇ ਭਵਿੱਖ ਵਾਸਤੇ ਬਹੁਤ ਸਹਾਇਕ ਸਿੱਧ ਹੋਵੇਗੀ | ਜਿਹੜੇ ਮਾਂ-ਬਾਪ ਆਪਣੇ ਬੱਚਿਆਂ ਦੀ ਦਸ਼ਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦੇ ਹਨ, ਉਹ ਸਫਲ ਮਾਂ-ਬਾਪ ਕਹਾਉਂਦੇ ਹਨ |
ਬੱਚਿਆਂ ਦੁਆਰਾ ਪੁੱਛੇ ਜਾਣ ਵਾਲੇ ਸਵਾਲਾਂ ਦੁਆਰਾ ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਮਨ ਦੀ ਹਾਲਤ ਨੂੰ ਵੀ ਚੰਗੀ ਤਰ੍ਹਾਂ ਸਮਝ ਸਕਦੇ ਹਾਂ | ਇਸ ਤਰ੍ਹਾਂ ਸਾਨੂੰ ਉਨ੍ਹਾਂ ਦੀ ਰੁਚੀ ਅਤੇ ਸੋਚ ਦਾ ਪਤਾ ਲਗਦਾ ਰਹਿੰਦਾ ਹੈ, ਕਿਉਂਕਿ ਉਮਰ ਅਤੇ ਹਾਲਾਤ ਦੇ ਅਨੁਸਾਰ ਵੀ ਉਨ੍ਹਾਂ ਦੇ ਸਵਾਲ ਬਦਲਦੇ ਰਹਿੰਦੇ ਹਨ | ਜੇ ਅਸੀਂ ਬੱਚਿਆਂ ਦੇ ਸੰਪਰਕ ਵਿਚ ਰਹਾਂਗੇ, ਉਨ੍ਹਾਂ ਨੂੰ ਪੂਰਾ ਸਮਾਂ ਦੇਵਾਂਗੇ ਤਾਂ ਉਨ੍ਹਾਂ ਦੇ ਮਨ ਵਿਚ ਉਠਣ ਵਾਲੇ ਸਵਾਲਾਂ ਦਾ ਜਵਾਬ ਦੇ ਕੇ ਬੜੀ ਅਸਾਨੀ ਨਾਲ ਉਨ੍ਹਾਂ ਦਾ ਮਾਰਗ ਦਰਸ਼ਨ ਕਰ ਸਕਾਂਗੇ | ਕਈ ਵਾਰ ਜਦੋਂ ਮਾਂ-ਬਾਪ ਕੋਲ ਬੱਚਿਆਂ ਦੇ ਸਵਾਲਾਂ ਦਾ ਜਵਾਬ ਨਹੀਂ ਹੁੰਦਾ ਤਾਂ ਉਹ ਉਨ੍ਹਾਂ ਨੂੰ ਗ਼ਲਤ ਜਵਾਬ ਦੇ ਦਿੰਦੇ ਹਨ ਪਰ ਜਦੋਂ ਬੱਚਿਆਂ ਨੂੰ ਸਚਾਈ ਦਾ ਪਤਾ ਲਗਦਾ ਹੈ ਤਾਂ ਉਹ ਨਿਰਾਸ਼ ਹੋ ਜਾਂਦੇ ਹਨ | ਕਈ ਵਾਰ ਬੱਚਿਆਂ ਦਾ ਮਾਂ-ਬਾਪ ਤੋਂ ਭਰੋਸਾ ਉਠ ਜਾਂਦਾ ਹੈ, ਜਿਹੜਾ ਉਨ੍ਹਾਂ ਦੇ ਵਿਕਾਸ ਵਿਚ ਰੁਕਾਵਟ ਬਣਦਾ ਹੈ | ਦੇਖਣ ਨੂੰ ਇਹ ਗੱਲਾਂ ਬਹੁਤ ਛੋਟੀਆਂ ਹਨ ਪਰ ਇਨ੍ਹਾਂ ਦੇ ਨਤੀਜੇ ਬਹੁਤ ਵੱਡੇ ਹੁੰਦੇ ਹਨ |
ਜੇ ਬੱਚੇ ਕੁਝ ਅਜਿਹੇ ਸਵਾਲ ਪੁੱਛਣ ਜੋ ਉਨ੍ਹਾਂ ਦੀ ਰੁਚੀ ਅਤੇ ਉਮਰ ਅਨੁਸਾਰ ਨਹੀਂ ਹੁੰਦੇ ਤਾਂ ਸਾਨੂੰ ਉਨ੍ਹਾਂ ਦੀ ਊਰਜਾ ਨੂੰ ਚੰਗੇ ਕੰਮਾਂ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਜਿਵੇਂ ਚੰਗੀਆਂ ਗਿਆਨ ਵਾਲੀਆਂ ਕਿਤਾਬਾਂ ਪੜ੍ਹਨ ਲਈ ਦੇਣੀਆਂ, ਬੱਚਿਆਂ ਦਾ ਰੁਝਾਨ ਖੇਡਾਂ ਵੱਲ ਵਧਾਉਣਾ ਆਦਿ | ਇਸ ਤਰ੍ਹਾਂ ਉਹ ਅਨੁਸ਼ਾਸਨ, ਸਹਿਣਸ਼ੀਲਤਾ ਅਤੇ ਆਪਸੀ ਭਾਈਚਾਰਾ ਸਿੱਖਣਗੇ | ਅੱਜ ਬੱਚਿਆਂ ਨੂੰ ਅਨੁਸ਼ਾਸਨ ਦੀ ਸਖਤ ਲੋੜ ਹੈ, ਇਸ ਲਈ ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਸਭ ਤੋਂ ਪਹਿਲਾਂ ਉਨ੍ਹਾਂ ਦੀ ਪੜ੍ਹਾਈ ਵੱਲ ਧਿਆਨ ਦਿਓ, ਇਸ ਦੇ ਨਾਲ-ਨਾਲ ਟੀ. ਵੀ., ਇੰਟਰਨੈੱਟ ਆਦਿ ਲਈ ਵੀ ਸਮਾਂ ਨਿਸ਼ਚਿਤ ਕਰੋ |
ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਨੂੰ ਆਪਣੇ ਧਰਮ, ਇਤਿਹਾਸ ਅਤੇ ਸੱਭਿਅਤਾ-ਸੰਸਕ੍ਰਿਤੀ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ | ਇਸ ਤਰ੍ਹਾਂ ਦੀ ਜਾਣਕਾਰੀ ਤੋਂ ਵੀ ਉਨ੍ਹਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਖੁਦ ਮਿਲ ਜਾਣਗੇ | ਉਨ੍ਹਾਂ ਦੇ ਪੜ੍ਹਨ ਵਾਲੇ ਕਮਰਿਆਂ ਵਿਚ ਫਿਲਮੀ ਪੋਸਟਰਾਂ ਦੀ ਜਗ੍ਹਾ ਦੇਸ਼ ਭਗਤਾਂ ਦੇ ਚਿੱਤਰ ਲਗਾਉਣੇ ਚਾਹੀਦੇ ਹਨ, ਜਿਹੜੇ ਉਨ੍ਹਾਂ ਨੂੰ ਜੀਵਨ ਦੀ ਮੰਜ਼ਿਲ ਤੱਕ ਪਹੁੰਚਾਉਣ ਵਿਚ ਮਦਦ ਕਰਨਗੇ | ਅੱਜ ਬੱਚਿਆਂ ਅਰਥਾਤ ਭਾਰਤ ਦੇ ਭਵਿੱਖ ਨੂੰ ਸੰਭਾਲਣਾ ਸਭ ਤੋਂ ਵੱਡੀ ਚੁਣੌਤੀ ਹੈ, ਜਿਸ ਦਾ ਸਾਹਮਣਾ ਮਾਂ-ਬਾਪ ਆਪਣੀ ਸੂਝ-ਬੂਝ, ਸਹਿਣਸ਼ੀਲਤਾ, ਦੂਰਦਰਸ਼ਤਾ ਨਾਲ ਕਰਕੇ ਆਪਣਾ ਫਰਜ਼ ਪੂਰਾ ਕਰ ਸਕਦੇ ਹਨ ਅਤੇ ਰਾਸ਼ਟਰ ਨੂੰ ਬੱਚਿਆਂ ਦੇ ਰੂਪ ਵਿਚ ਚੰਗੇ ਨਾਗਰਿਕ ਦੇ ਸਕਦੇ ਹਨ |